Health Minister on Corona Vaccine: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਕੇਂਦਰ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉੱਚ ਜੋਖਮ ਵਾਲੇ ਸਮੂਹਾਂ ਯਾਨੀ ਬਜ਼ੁਰਗਾਂ ਅਤੇ ਫਰੰਟ ਲਾਈਨ ਸਿਹਤ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਨੂੰ ਜਲਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਹੁਣ ਤੱਕ ਵੈਕਸੀਨ ਜਾਰੀ ਕਰਨ ਲਈ ਕੋਈ ਤਰੀਕ ਨਿਰਧਾਰਤ ਨਹੀਂ ਕੀਤੀ ਗਈ ਹੈ, ਫਿਰ ਵੀ ਸਿਹਤ ਮੰਤਰੀ ਹਰਸ਼ ਵਰਧਨ ਨੇ ਉਮੀਦ ਜਤਾਈ ਹੈ ਕਿ ਇਹ ਵੈਕਸੀਨ ਅਗਲੇ ਸਾਲ ਮਾਰਚ ਤੋਂ ਪਹਿਲਾਂ ਤਿਆਰ ਹੋ ਜਾਵੇਗੀ । ਉੱਥੇ ਹੀ ਅਮਰੀਕੀ ਕੰਪਨੀ ਫਾਈਜ਼ਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਵੈਕਸੀਨ ਇਸ ਸਾਲ ਦਸੰਬਰ ਤੋਂ ਪਹਿਲਾਂ ਅਮਰੀਕੀ ਬਾਜ਼ਾਰ ਵਿੱਚ ਆ ਜਾਵੇਗੀ।
ਇਸ ਸਬੰਧੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸੋਸ਼ਲ ਮੀਡੀਆ ‘ਤੇ ਐਤਵਾਰ ਸੰਨੂੰ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਸਰਕਾਰ ਜਲਦੀ ਹੀ ਉੱਚ ਜੋਖਮ ਵਾਲੇ ਸਮੂਹਾਂ ਯਾਨੀ ਬਜ਼ੁਰਗਾਂ ਅਤੇ ਫਰੰਟਲਾਈਨ ਸਿਹਤ ਕਰਮਚਾਰੀਆਂ ਲਈ ਵੈਕਸੀਨ ਨੂੰ ਮਨਜ਼ੂਰੀ ਦੇ ਸਕਦੀ ਹੈ। ਇਸ ‘ਤੇ ਸਾਰਿਆਂ ਨੂੰ ਮਨਾਉਣ ਲਈ ਯਤਨ ਕੀਤੇ ਜਾ ਰਹੇ ਹਨ । ਹਰਸ਼ਵਰਧਨ ਦੇ ਸ਼ਬਦਾਂ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਰੂਸ ਅਤੇ ਚੀਨ ਦੀ ਤਰਜ਼ ‘ਤੇ ਉੱਚ ਖਤਰੇ ਵਾਲੇ ਸਮੂਹਾਂ ਲਈ ਜਿੰਨੀ ਜਲਦੀ ਸੰਭਵ ਹੋ ਸਕੇ ਭਾਰਤ ਵਿੱਚ ਵੈਕਸੀਨ ਜਾਰੀ ਕੀਤੀ ਜਾ ਸਕਦੀ ਹੈ। ਰੂਸ ਨੇ ਆਪਣੀ ਸਪੂਤਨੀਕ V ਅਤੇ ਚੀਨ ਨੂੰ ਆਪਣੇ ਤਿੰਨ ਟੀਕਿਆਂ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਵਿੱਚ ਤਿੰਨ ਵੈਕਸੀਨ ਦੇ ਟ੍ਰਾਇਲ ਚੱਲ ਰਹੇ ਹਨ। ਭਾਰਤ ਬਾਇਓਟੈਕ ਅਤੇ ਆਈਸੀਐਮਆਰ ਕੋਵੈਕਸਿਨ ਵਿਕਸਿਤ ਕਰ ਰਹੇ ਹਨ। ਅਹਿਮਦਾਬਾਦ ਸਥਿਤ ਕੰਪਨੀ ਜ਼ੈਡਸ ਕੈਡਿਲਾ ਦਾ ਵੈਕਸੀਨ ਪੜਾਅ -2 ਦੇ ਟ੍ਰਾਇਲ ਵਿੱਚ ਹਨ। ਪੁਣੇ ਦਾ ਸੀਰਮ ਇੰਸਟੀਚਿਊਟ ਆਫ ਇੰਡੀਆ ਆਕਸਫੋਰਡ / ਐਸਟਰਾਜ਼ੇਨੇਕਾ ਦੇ ਕੋਵੀਸ਼ੀਲਡ ਦੇ ਫੇਜ਼ -2 ਅਤੇ ਫੇਜ਼-3 ਦੇ ਟ੍ਰਾਇਲ ਕਰ ਰਿਹਾ ਹੈ।
ਦੁਨੀਆ ਦੇ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਦੇ CEO ਅਦਾਰ ਪੂਨਾਵਾਲਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਦੁਨੀਆ ਭਰ ਵਿੱਚ ਸਭ ਨੂੰ 2024 ਦੇ ਅੰਤ ਤੱਕ ਵੈਕਸੀਨ ਉਪਲੱਬਧ ਨਹੀਂ ਹੋਣ ਵਾਲੀ। ਉਨ੍ਹਾਂ ਕਿਹਾ ਕਿ ਹਰ ਦੇਸ਼ ਵਿੱਚ ਹਰ ਥਾਂ ਵੈਕਸੀਨ ਪਹੁੰਚਾਉਣ ਵਿੱਚ ਚਾਰ-ਪੰਜ ਸਾਲ ਲੱਗਣਗੇ । ਪੂਨਾਵਾਲਾ ਨੇ ਦੱਸਿਆ ਕਿ ਕੰਪਨੀ ਨੇ ਐਸਟਰਾਜ਼ੇਨੇਕਾ ਅਤੇ ਨੋਵਾਵੈਕਸ ਸਣੇ ਪੰਜ ਕੰਪਨੀਆਂ ਨਾਲ ਭਾਈਵਾਲੀ ਕੀਤੀ ਹੈ। ਇੱਕ ਬਿਲੀਅਨ ਡੋਜ਼ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਇਸ ਦਾ ਅੱਧਾ ਹਿੱਸਾ ਭਾਰਤ ਵਿੱਚ ਉਪਲਬਧ ਹੋਵੇਗਾ।
ਦੱਸ ਦੇਈਏ ਕਿ ਰੂਸ ਦੇ ਗਾਮਾਲੇਆ ਰਿਸਰਚ ਕੰਪਨੀ ਇੰਸਟੀਚਿਊਟ ਨਾਲ ਭਾਈਵਾਲੀ ਦੀ ਵੀ ਤਿਆਰੀ ਕਰ ਰਹੀ ਹੈ ਤਾਂ ਜੋ SPUTNIK V ਨੂੰ ਤਿਆਰ ਕੀਤਾ ਜਾ ਸਕੇ। ਆਕਸਫੋਰਡ / ਐਸਟਰਾਜ਼ੇਨੇਕਾ ਦੇ ਵੈਕਸੀਨ ਟ੍ਰਾਇਲ UK ਵਿੱਚ ਇੱਕ ਵਿਅਕਤੀ ਦੇ ਬਿਮਾਰ ਹੋਣ ਤੋਂ ਬਾਅਦ ਰੋਕ ਦਿੱਤੇ ਗਏ ਸਨ। ਪਰ ਚੰਗੀ ਗੱਲ ਇਹ ਹੈ ਕਿ ਬ੍ਰਿਟੇਨ ਵਿੱਚ ਵੈਕਸੀਨ ਦੇ ਟ੍ਰਾਇਲ ਦੁਬਾਰਾ ਸ਼ੁਰੂ ਹੋ ਰਹੇ ਹਨ। ਇਸ ਲਈ ਕੰਪਨੀ ਨੂੰ ਇਜਾਜ਼ਤ ਮਿਲ ਗਈ ਹੈ । ਫਿਲਹਾਲ ਸੀਰਮ ਇੰਸਟੀਚਿਊਟ ਆਫ਼ ਇੰਡੀਆ ਇਸ ਸਮੇਂ ਟ੍ਰਾਇਲ ਦੁਬਾਰਾ ਸ਼ੁਰੂ ਕਰਨ ਲਈ ਭਾਰਤ ਵਿੱਚ ਡਰੱਗ ਰੈਗੂਲੇਟਰਾਂ ਤੋਂ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ । ਸੀਰਮ ਇੰਸਟੀਚਿਊਟ ਨੂੰ ਡਰੱਗ ਰੈਗੂਲੇਟਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਸੀਰਮ ਇੰਸਟੀਚਿਊਟ ਨੇ ਇਸ ਦਾ ਜਵਾਬ ਦਿੱਤਾ ਹੈ। ਜਲਦੀ ਹੀ ਭਾਰਤ ਵਿੱਚ ਕੋਵੀਸ਼ੀਲਡ ਦੇ ਰੁਕੇ ਹੋਏ ਟ੍ਰਾਇਲ ਜ਼ੋਰ ਫੜ ਸਕਦੇ ਹਨ। ਹਾਲਾਂਕਿ, ਫਿਲਹਾਲ ਇਸ ਸਬੰਧੀ ਕੋਈ ਰਸਮੀ ਬਿਆਨ ਨਹੀਂ ਆਇਆ ਹੈ।