ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਅਜੇ ਰੁਕਿਆ ਨਹੀਂ ਹੈ ਕਿ ਤੀਜੀ ਲਹਿਰ ਦਾ ਖਤਰਾ ਮੰਡਰਾਉਣਾ ਸ਼ੁਰੂ ਹੋ ਗਿਆ ਹੈ। ਦੂਜੀ ਲਹਿਰ ਵਿੱਚ ਘੱਟ ਰਹੇ ਕੋਰੋਨਾ ਕੇਸਾਂ ਕਾਰਨ ਰਾਜਾਂ ਵਿੱਚ ਵੀ ਅਨਲੌਕ ਦੀ ਪ੍ਰਕਿਰਿਆ ਵੀ ਜਾਰੀ ਹੈ ਅਤੇ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਦਿਖਾਈ ਦੇ ਰਹੇ ਹਨ । ਇਸ ਵਿਚਾਲੇ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਤੀਜੀ ਲਹਿਰ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ।
ਦਰਅਸਲ, IMA ਨੇ ਲੋਕਾਂ ਦੇ ਢਿੱਲ ਵਰਤਣ ਅਤੇ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕੀਤੇ ਬਗੈਰ ਵੱਡੀ ਗਿਣਤੀ ਵਿੱਚ ਇਕੱਠੇ ਹੋਣ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਹ ਵੀ ਕਿਹਾ ਕਿ ਇਹ ਘਟਨਾਵਾਂ ਮਹਾਂਮਾਰੀ ਦੀ ਤੀਜੀ ਲਹਿਰ ਦਾ ਮੁੱਖ ਕਾਰਨ ਬਣ ਸਕਦੀਆਂ ਹਨ।
ਇਹ ਵੀ ਪੜ੍ਹੋ: PM ਮੋਦੀ ਅੱਜ ਉੱਤਰ-ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ ਦੀ ਸਥਿਤੀ ‘ਤੇ ਕਰਨਗੇ ਸਮੀਖਿਆ ਬੈਠਕ
ਇਸ ਸਬੰਧੀ IMA ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸੈਲਾਨੀਆਂ ਦੀ ਯਾਤਰਾ, ਤੀਰਥ ਯਾਤਰਾਵਾਂ, ਧਾਰਮਿਕ ਸਮਾਗਮ ਜ਼ਰੂਰੀ ਹਨ ਪਰ ਕੁਝ ਹੋਰ ਮਹੀਨੇ ਇੰਤਜ਼ਾਰ ਕੀਤਾ ਜਾ ਸਕਦਾ ਹੈ।
ਇਸ ਤੋਂ ਅੱਗੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਮਿਲੇ ਸਬੂਤ ਅਤੇ ਕਿਸੇ ਵੀ ਮਹਾਂਮਾਰੀ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਨਿਸ਼ਚਤ ਤੌਰ ‘ਤੇ ਆਉਣ ਵਾਲੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਨਾਜ਼ੁਕ ਸਮੇਂ ਜਦੋਂ ਹਰੇਕ ਨੂੰ ਤੀਜੀ ਲਹਿਰ ਦੀ ਸੰਭਾਵਨਾ ਨੂੰ ਘਟਾਉਣ ਲਈ ਕੰਮ ਕਰਨ ਦੀ ਜ਼ਰੂਰਤ ਹੈ, ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸਰਕਾਰਾਂ ਅਤੇ ਲੋਕ ਢਿੱਲ ਵਰਤ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ‘ਚ ਡਾਕਟਰਾਂ ਦੀ ਹੜਤਾਲ ਕਾਰਨ ਰਜਿੰਦਰਾ ਹਸਪਤਾਲ ‘ਚ OPD ਬੰਦ, ਬਿਨ੍ਹਾਂ ਇਲਾਜ ਤੋਂ ਪਰਤੇ ਮਰੀਜ਼
ਆਈਐਮਏ ਨੇ ਕਿਹਾ ਕਿ ਲੋਕ ਕੋਵਿਡ ਪ੍ਰੋਟੋਕੋਲ ਨੂੰ ਲਗਾਤਾਰ ਤੋੜ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਇੱਕ ਜਗ੍ਹਾ ਇਕੱਠੇ ਹੋ ਰਹੇ ਹਨ। ਆਈਐਮਏ ਨੇ ਕਿਹਾ ਕਿ ਲੋਕਾਂ ਨੂੰ ਬਿਨ੍ਹਾਂ ਟੀਕਾ ਲਗਵਾਏ ਇਸ ਭੀੜ ਵਿੱਚ ਸ਼ਾਮਿਲ ਹੋਣ ਦੀ ਆਗਿਆ ਦੇਣਾ ਕੋਵਿਡ ਦੀ ਤੀਜੀ ਲਹਿਰ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ।