India conducts 5 crore: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਮਾਮਲਿਆਂ ਦੀ ਰਫ਼ਤਾਰ ਘਟਣ ਦਾ ਨਾਮ ਨਹੀਂ ਲੈ ਰਹੀ ਹੈ। ਦੇਸ਼ ਵਿਚ ਇਸ ਮਹਾਂਮਾਰੀ ਕਾਰਨ ਰੋਜ਼ਾਨਾ ਆ ਰਹੇ ਨਵੇਂ ਮਾਮਲਿਆਂ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਭਾਰਤ ਵਿੱਚ 42.8 ਲੱਖ ਲੋਕ ਇਸ ਵਾਇਰਸ ਦੀ ਚਪੇਟ ਵਿੱਚ ਹਨ, ਜਦਕਿ 72.8 ਹਜ਼ਾਰ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਕੋਵਿਡ-19 ਦੇ ਦਿਨੋਂ-ਦਿਨ ਰਿਕਾਰਡ ਨਵੇਂ ਮਾਮਲਿਆਂ ਦੇ ਨਾਲ ਹੀ 7 ਸਤੰਬਰ ਨੂੰ ਕੋਰੋਨਾ ਵਾਇਰਸ ਦੀ ਜਾਂਚ ਦਾ ਅੰਕੜਾ 5 ਕਰੋੜ ਨੂੰ ਪਾਰ ਕਰ ਗਿਆ । ICMR ਵੱਲੋਂ 8 ਸਤੰਬਰ ਯਾਨੀ ਮੰਗਲਵਾਰ ਨੂੰ ਜਾਰੀ ਅੰਕੜਿਆਂ ਵਿੱਚ ਦੱਸਿਆ ਗਿਆ ਕਿ 7 ਸਤੰਬਰ ਤੱਕ ਦੇਸ਼ ਵਿੱਚ ਕੁੱਲ 5 ਕਰੋੜ 65 ਲੱਖ 128 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਉੱਥੇ ਹੀ ਇੱਕ ਦਿਨ ਵਿੱਚ ਯਾਨੀ ਕਿ 7 ਸਤੰਬਰ ਨੂੰ 10 ਲੱਖ 98 ਹਜ਼ਾਰ 621 ਨਮੂਨਿਆਂ ਦੀ ਜਾਂਚ ਕੀਤੀ ਗਈ । ਇਸ ਤੋਂ ਪਹਿਲਾਂ ਐਤਵਾਰ ਯਾਨੀ 6 ਸਤੰਬਰ ਨੂੰ 7 ਲੱਖ 20 ਹਜ਼ਾਰ 362 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਇਸ ਦੀ ਰੋਕਥਾਮ ਲਈ ਜਾਂਚ, ਇਲਾਜ ਅਤੇ ਸੰਪਰਕ ਦਾ ਪਤਾ ਲਗਾਉਣ ‘ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ICMR ਵੱਲੋਂ 1 ਸਤੰਬਰ ਨੂੰ 10 ਲੱਖ 12 ਹਜ਼ਾਰ 367 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ । ਇਸ ਤੋਂ ਪਹਿਲਾਂ ਦੇਸ਼ ਵਿੱਚ 29 ਅਗਸਤ ਨੂੰ ਰਿਕਾਰਡ 10 ਲੱਖ 55 ਹਜ਼ਾਰ 27 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਭਾਰਤ ਇੱਕ ਦਿਨ ਵਿੱਚ 10 ਲੱਖ ਤੋਂ ਵੱਧ ਇਨਫੈਕਸ਼ਨ ਜਾਂਚ ਕਰਨ ਵਾਲਾ ਵਿਸ਼ਵ ਦਾ ਤੀਜਾ ਦੇਸ਼ ਬਣਿਆ ਹੈ।
ਦਰਅਸਲ, ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਐਤਵਾਰ ਨੂੰ 42 ਲੱਖ ਨੂੰ ਪਾਰ ਕਰ ਗਿਆ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 75 ਹਜ਼ਾਰ 809 ਨਵੇਂ ਮਰੀਜ਼ ਮਿਲੇ ਹਨ, ਜਦਕਿ 1133 ਮਰੀਜ਼ਾਂ ਦੀ ਮੌਤ ਹੋ ਗਈ । ਹੁਣ ਤੱਕ 42 ਲੱਖ 80 ਹਜ਼ਾਰ 423 ਲੋਕ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਇਸ ਵੇਲੇ ਕੋਰੋਨਾ ਦੇ 8 ਲੱਖ 83 ਹਜ਼ਾਰ 697 ਐਕਟਿਵ ਕੇਸ ਹਨ। ਕੋਰੋਨਾ ਤੋਂ ਹੁਣ ਤੱਕ 72 ਹਜ਼ਾਰ 775 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦੀ ਲਾਗ ਤੋਂ ਹੁਣ ਤੱਕ 33 ਲੱਖ 23 ਹਜ਼ਾਰ 951 ਵਿਅਕਤੀ ਠੀਕ ਹੋ ਚੁੱਕੇ ਹਨ। ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਹੁਣ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਬ੍ਰਾਜ਼ੀਲ ਨੂੰ ਪਛਾੜ ਕੇ ਦੂਜੇ ਨੰਬਰ ‘ਤੇ ਆ ਗਿਆ ਹੈ। ਹੁਣ ਸਿਰਫ਼ ਅਮਰੀਕਾ ਹੀ ਭਾਰਤ ਤੋਂ ਅੱਗੇ ਹੈ।