India coronavirus single day spike: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਦੇਸ਼ ਵਿੱਚ ਮੰਗਲਵਾਰ ਨੂੰ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 37 ਲੱਖ ਨੂੰ ਪਾਰ ਕਰ ਗਿਆ ਹੈ। ਹੁਣ ਤੱਕ 37 ਲੱਖ 69 ਹਜ਼ਾਰ 524 ਲੋਕ ਇਸ ਵਾਇਰਸ ਨਾਲ ਸੰਕਰਮਣ ਦਾ ਸ਼ਿਕਾਰ ਹੋ ਚੁੱਕੇ ਹਨ। ਉੱਥੇ ਹੀ ਪਿਛਲੇ 24 ਘੰਟਿਆਂ ਵਿੱਚ 78 ਹਜ਼ਾਰ 357 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ 1,045 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 62 ਹਜ਼ਾਰ 146 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਪੀੜਤ ਮਰੀਜ਼ਾਂ ਦੇ ਅੰਕੜਿਆਂ ਵਿੱਚ ਪਿਛਲੇ ਛੇ ਦਿਨਾਂ ਵਿੱਚ ਅਤੇ ਮੌਤ ਦੇ ਅੰਕੜਿਆਂ ਵਿੱਚ ਪਿਛਲੇ 28 ਦਿਨਾਂ ਦੀ ਸਭ ਤੋਂ ਵੱਡੀ ਗਿਰਾਵਟ ਹੈ। ਕੋਰੋਨਾ ਦੀ ਲਾਗ ਦੇ ਮਾਮਲੇ ਵਿੱਚ ਪੁਣੇ ਦੇਸ਼ ਦਾ ਸਭ ਤੋਂ ਪ੍ਰਭਾਵਤ ਸ਼ਹਿਰ ਬਣ ਗਿਆ ਹੈ । ਪੁਣੇ ਨੇ 1.75 ਲੱਖ ਤੋਂ ਵੱਧ ਦੀ ਲਾਗ ਨਾਲ ਦਿੱਲੀ ਨੂੰ ਪਛਾੜ ਦਿੱਤਾ ਹੈ ।
ਸਿਹਤ ਮੰਤਰਾਲੇ ਦੀ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੀ 8 ਲੱਖ ਨੂੰ ਪਾਰ ਕਰ ਗਈ ਹੈ। ਭਾਵ ਦੇਸ਼ ਵਿੱਚ 8 ਲੱਖ 1 ਹਜ਼ਾਰ 282 ਮਰੀਜ਼ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਕੋਵਿਡ ਦੀ ਲਾਗ ਕਾਰਨ ਹੁਣ ਤੱਕ 66 ਹਜ਼ਾਰ 333 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਇਹ ਰਾਹਤ ਦੀ ਗੱਲ ਹੈ ਕਿ ਹੁਣ ਤੱਕ 29 ਲੱਖ 1 ਹਜ਼ਾਰ 909 ਵਿਅਕਤੀ ਠੀਕ ਹੋ ਚੁੱਕੇ ਹਨ।
ਦਰਅਸਲ, ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ, ਜਿੱਥੇ ਕੋਰੋਨਾ ਮਰੀਜ਼ਾਂ ਦਾ ਅੰਕੜਾ 8 ਲੱਖ ਨੂੰ ਪਾਰ ਕਰ ਗਿਆ ਹੈ। ਮੰਗਲਵਾਰ ਨੂੰ 15 ਹਜ਼ਾਰ 675 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਰਾਜ ਵਿੱਚ ਮਰੀਜ਼ਾਂ ਦਾ ਅੰਕੜਾ 8 ਲੱਖ 08 ਹਜ਼ਾਰ 306 ਹੋ ਚੁੱਕਿਆ ਹੈ । ਇੱਥੇ ਹੁਣ ਤੱਕ ਕੋਰੋਨਾ ਨਾਲ 24 ਹਜ਼ਾਰ 903 ਲੋਕਾਂ ਦੀ ਮੌਤ ਹੋ ਚੁੱਕੀ ਹੈ । ਚੰਗੀ ਗੱਲ ਇਹ ਹੈ ਕਿ ਰਾਜ ਵਿੱਚ ਰਿਕਵਰੀ ਰੇਟ ਲਗਾਤਾਰ ਵੱਧ ਰਿਹਾ ਹੈ। ਇੱਥੇ ਹੁਣ ਰਿਕਵਰੀ ਰੇਟ 72.32% ਹੈ। ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਵੱਧ ਤੋਂ ਵੱਧ 2,312 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਤੋਂ ਬਾਅਦ ਮਰੀਜ਼ਾਂ ਦਾ ਅੰਕੜਾ 1,77,060 ਹੋ ਗਿਆ ਹੈ। ਇੱਥੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 4,462 ਹੋ ਗਈ ਹੈ । ਨਵੇਂ ਕੇਸ ਸਾਹਮਣੇ ਆਉਣ ਅਤੇ ਕੋਰੋਨਾ ਦੀ ਵੱਧਦੀ ਰਫਤਾਰ ਦੇ ਮੱਦੇਨਜ਼ਰ ਸਰਕਾਰ ਨੇ ਇੱਕ ਵਾਰ ਫਿਰ ਸੀਰੋ-ਪ੍ਰਸਾਰ ਸਰਵੇਖਣ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਅਨੁਸਾਰ ਦੇਸ਼ ਵਿੱਚ ਹੁਣ ਤੱਕ 4 ਕਰੋੜ 43 ਲੱਖ 37 ਹਜ਼ਾਰ 201 ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ । ਬੀਤੇ ਦਿਨ ਯਾਨੀ ਕਿ ਮੰਗਲਵਾਰ ਨੂੰ 10 ਲੱਖ 12 ਹਜ਼ਾਰ 367 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਸਕਾਰਾਤਮਕਤਾ ਦਰ 7 ਪ੍ਰਤੀਸ਼ਤ ਤੋਂ ਘੱਟ ਹੈ। ICMR ਅਨੁਸਾਰ ਕੋਰੋਨਾ ਵਾਇਰਸ ਦੇ 54% ਕੇਸ 18 ਸਾਲ ਤੋਂ ਲੈ ਕੇ 44 ਸਾਲ ਦੀ ਉਮਰ ਦੇ ਹਨ, ਪਰ ਕੋਰੋਨਾ ਵਾਇਰਸ ਦੀਆਂ 51% ਮੌਤਾਂ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੋਈਆਂ ਹਨ।
ਦੱਸ ਦੇਈਏ ਕਿ ਇੱਥੇ ਰਾਹਤ ਦੀ ਗੱਲ ਇਹ ਹੈ ਕਿ ਮੌਤ ਦਰ ਅਤੇ ਐਕਟਿਵ ਕੇਸ ਰੇਟ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦਰ ਘਟ ਕੇ 1.76% ਹੋ ਗਈ ਹੈ। ਇਸ ਤੋਂ ਇਲਾਵਾ ਇਲਾਜ ਅਧੀਨ ਚੱਲ ਰਹੇ ਸਰਗਰਮ ਮਾਮਲਿਆਂ ਦੀ ਦਰ ਵੀ ਘੱਟ ਕੇ 21% ਰਹਿ ਗਈ ਹੈ। ਇਸ ਨਾਲ ਰਿਕਵਰੀ ਰੇਟ 77% ਹੋ ਗਿਆ ਹੈ।