India Covid 19 Tally Crosses: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਆਪਣਾ ਗੰਭੀਰ ਅਸਰ ਦਿਖਾ ਰਿਹਾ ਹੈ। ਸਭ ਕੁਝ ਅਨਲਾਕ ਹੋਣ ਤੋਂ ਬਾਅਦ ਵੀ ਸੰਕ੍ਰਮਣ ਦਾ ਸੰਕਟ ਆਊਟ ਆਫ਼ ਕੰਟਰੋਲ ਹੋ ਗਿਆ ਹੈ। ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਐਤਵਾਰ ਨੂੰ 47 ਲੱਖ ਨੂੰ ਪਾਰ ਕਰ ਗਿਆ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 94 ਹਜ਼ਾਰ 372 ਨਵੇਂ ਮਰੀਜ਼ ਮਿਲੇ ਹਨ, ਜਦਕਿ 1114 ਮਰੀਜ਼ਾਂ ਦੀ ਮੌਤ ਹੋ ਗਈ । ਹੁਣ ਤੱਕ 47 ਲੱਖ 54 ਹਜ਼ਾਰ 357 ਲੋਕ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਇਸ ਵੇਲੇ ਕੋਰੋਨਾ ਦੇ 9 ਲੱਖ 73 ਹਜ਼ਾਰ 175 ਐਕਟਿਵ ਕੇਸ ਹਨ। ਕੋਰੋਨਾ ਤੋਂ ਹੁਣ ਤੱਕ 78 ਹਜ਼ਾਰ 586 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦੀ ਲਾਗ ਤੋਂ ਹੁਣ ਤੱਕ 37 ਲੱਖ 02 ਹਜ਼ਾਰ 596 ਵਿਅਕਤੀ ਠੀਕ ਹੋ ਚੁੱਕੇ ਹਨ। ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਹੁਣ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਬ੍ਰਾਜ਼ੀਲ ਨੂੰ ਪਛਾੜ ਕੇ ਦੂਜੇ ਨੰਬਰ ‘ਤੇ ਆ ਗਿਆ ਹੈ। ਹੁਣ ਸਿਰਫ਼ ਅਮਰੀਕਾ ਹੀ ਭਾਰਤ ਤੋਂ ਅੱਗੇ ਹੈ।
ਦਰਅਸਲ, ਭਾਰਤ ਵਿੱਚ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ, ਜਿੱਥੇ ਕੋਰੋਨਾ ਮਰੀਜ਼ਾਂ ਦਾ ਅੰਕੜਾ 10 ਲੱਖ ਨੂੰ ਪਾਰ ਕਰ ਗਿਆ ਹੈ। ਸ਼ਨੀਵਾਰ ਨੂੰ ਇੱਥੇ 22 ਹਜ਼ਾਰ 084 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਰਾਜ ਵਿੱਚ ਮਰੀਜ਼ਾਂ ਦਾ ਅੰਕੜਾ 10 ਲੱਖ 37 ਹਜ਼ਾਰ 765 ਹੋ ਚੁੱਕਿਆ ਹੈ । ਇੱਥੇ ਹੁਣ ਤੱਕ ਕੋਰੋਨਾ ਨਾਲ 29 ਹਜ਼ਾਰ 115 ਲੋਕਾਂ ਦੀ ਮੌਤ ਹੋ ਚੁੱਕੀ ਹੈ । ਚੰਗੀ ਗੱਲ ਇਹ ਹੈ ਕਿ ਰਾਜ ਵਿੱਚ ਰਿਕਵਰੀ ਰੇਟ ਲਗਾਤਾਰ ਵੱਧ ਰਿਹਾ ਹੈ। ਇੱਥੇ ਹੁਣ ਰਿਕਵਰੀ ਰੇਟ 71.0% ਹੈ। ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਵੱਧ ਤੋਂ ਵੱਧ 4321 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਤੋਂ ਬਾਅਦ ਮਰੀਜ਼ਾਂ ਦਾ ਅੰਕੜਾ 2,14,069 ਹੋ ਗਿਆ ਹੈ। ਇੱਥੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 4715 ਹੋ ਗਈ ਹੈ । ਨਵੇਂ ਕੇਸ ਸਾਹਮਣੇ ਆਉਣ ਅਤੇ ਕੋਰੋਨਾ ਦੀ ਵੱਧਦੀ ਰਫਤਾਰ ਦੇ ਮੱਦੇਨਜ਼ਰ ਸਰਕਾਰ ਨੇ ਇੱਕ ਵਾਰ ਫਿਰ ਸੀਰੋ-ਪ੍ਰਸਾਰ ਸਰਵੇਖਣ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਅਨੁਸਾਰ ਦੇਸ਼ ਵਿੱਚ ਹੁਣ ਤੱਕ 5 ਕਰੋੜ 62 ਲੱਖ 60 ਹਜ਼ਾਰ 928 ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ । ਬੀਤੇ ਦਿਨ ਯਾਨੀ ਕਿ ਸ਼ਨੀਵਾਰ ਨੂੰ 10 ਲੱਖ 71 ਹਜ਼ਾਰ 702 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਸਕਾਰਾਤਮਕਤਾ ਦਰ 7 ਪ੍ਰਤੀਸ਼ਤ ਤੋਂ ਘੱਟ ਹੈ। ICMR ਅਨੁਸਾਰ ਕੋਰੋਨਾ ਵਾਇਰਸ ਦੇ 54% ਕੇਸ 18 ਸਾਲ ਤੋਂ ਲੈ ਕੇ 44 ਸਾਲ ਦੀ ਉਮਰ ਦੇ ਹਨ, ਪਰ ਕੋਰੋਨਾ ਵਾਇਰਸ ਦੀਆਂ 51% ਮੌਤਾਂ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੋਈਆਂ ਹਨ।
ਦੱਸ ਦੇਈਏ ਇੱਥੇ ਰਾਹਤ ਦੀ ਗੱਲ ਇਹ ਹੈ ਕਿ ਮੌਤ ਦਰ ਅਤੇ ਐਕਟਿਵ ਕੇਸ ਰੇਟ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦੀ ਦਰ ਗਿਰ ਕੇ 1.65% ‘ਤੇ ਆ ਗਈ ਹੈ। ਇਸ ਤੋਂ ਇਲਾਵਾ ਇਲਾਜ ਅਧੀਨ ਚੱਲ ਰਹੇ ਸਰਗਰਮ ਮਾਮਲਿਆਂ ਦੀ ਦਰ ਵੀ ਘੱਟ ਕੇ 21% ਰਹਿ ਗਈ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ 78% ਹੋ ਗਿਆ ਹੈ।