India records 1.26 lakh fresh cases: ਕੋਰੋਨਾ ਵਾਇਰਸ ਦੀ ਤਾਜ਼ਾ ਲਹਿਰ ਹੁਣ ਕਹਿਰ ਬਣ ਕੇ ਟੁੱਟ ਰਹੀ ਹੈ। ਪਿਛਲੇ ਸਾਰੇ ਰਿਕਾਰਡ ਤੋੜਦਿਆਂ ਬੁੱਧਵਾਰ ਨੂੰ ਦੇਸ਼ ਵਿੱਚ 1.25 ਲੱਖ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ । ਰਾਜ ਸਰਕਾਰਾਂ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 1,26,315 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 684 ਲੋਕਾਂ ਦੀ ਮੌਤ ਹੋ ਚੁੱਕੀ ਹੈ । ਪਿਛਲੇ ਚਾਰ ਦਿਨਾਂ ਵਿੱਚ ਇਹ ਤੀਸਰੀ ਵਾਰ ਹੈ ਜਦੋਂ ਦੇਸ਼ ਵਿੱਚ ਇੱਕ ਦਿਨ ਵਿੱਚ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 1.15 ਲੱਖ ਮਾਮਲੇ ਆਏ ਸਨ, ਭਾਵ ਤਕਰੀਬਨ 2.40 ਲੱਖ ਮਾਮਲੇ ਸਿਰਫ ਦੋ ਦਿਨਾਂ ਵਿੱਚ ਸਾਹਮਣੇ ਆਏ ਹਨ।
ਦਰਅਸਲ, ਕੋਰੋਨਾ ਦੀ ਇਸ ਤਾਜ਼ਾ ਲਹਿਰ ਨਾਲ ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਿਤ ਹੈ। ਪਿਛਲੇ ਦਿਨੀਂ ਮਹਾਰਾਸ਼ਟਰ ਵਿੱਚ ਤਕਰੀਬਨ 60 ਹਜ਼ਾਰ ਕੇਸ ਦਰਜ ਕੀਤੇ ਗਏ, ਜੋ ਪੂਰੇ ਦੇਸ਼ ਵਿੱਚ ਦਰਜ ਮਾਮਲਿਆਂ ਵਿਚੋਂ ਅੱਧਾ ਹਿੱਸਾ ਹੈ। ਇਹੀ ਕਾਰਨ ਹੈ ਕਿ ਕੇਂਦਰ ਵੱਲੋਂ ਮਾਹਿਰਾਂ ਦੀਆਂ ਟੀਮਾਂ ਲਗਾਤਾਰ ਮਹਾਰਾਸ਼ਟਰ ਭੇਜੀਆਂ ਜਾ ਰਹੀਆਂ ਹਨ । ਉੱਥੇ ਹੀ ਦੂਜੇ ਪਾਸੇ ਦਿੱਲੀ ਵਿੱਚ ਵੀ ਇਹੀ ਹਾਲ ਹੈ, ਜਿੱਥੇ ਇੱਕ ਵਾਰ ਫਿਰ ਪੰਜ ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ, ਜੋ ਪਿਛਲੇ ਸਾਲ ਦੀ ਪੀਕ ਦੀ ਯਾਦ ਦਿਵਾਉਂਦੇ ਹਨ । ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ 59,907, ਦਿੱਲੀ ਵਿੱਚ 5506, ਉੱਤਰ ਪ੍ਰਦੇਸ਼ ਵਿੱਚ 6023, ਕਰਨਾਟਕ ਵਿੱਚ 6976 ਕੇਸ ਦਰਜ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਲਗਾਤਾਰ ਵੱਧ ਰਹੇ ਅੰਕੜਿਆਂ ਨਾਲ ਦੇਸ਼ ਵਿੱਚ ਕੇਸਾਂ ਦੀ ਕੁੱਲ ਗਿਣਤੀ 1.26 ਕਰੋੜ ਨੂੰ ਪਾਰ ਕਰ ਗਈ ਹੈ। ਚਿੰਤਾ ਦਾ ਵਿਸ਼ਾ ਸਰਗਰਮ ਮਾਮਲਿਆਂ ਦੀ ਗਿਣਤੀ ਤੋਂ ਆਇਆ ਹੈ, ਜਿੱਥੇ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 9 ਲੱਖ ਨੂੰ ਪਾਰ ਕਰ ਗਈ ਹੈ । ਕੁਝ ਦਿਨ ਪਹਿਲਾਂ ਦੇਸ਼ ਵਿੱਚ ਸਿਰਫ ਇੱਕ ਲੱਖ ਦੇ ਕਰੀਬ ਸਰਗਰਮ ਕੇਸ ਹੀ ਸਾਹਮਣੇ ਆਏ ਸਨ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਰੋਨਾ ਵਾਇਰਸ ਦੀ ਵੱਧ ਰਹੀ ਗਤੀ ਦੇ ਵਿਚਕਾਰ ਰਾਜਾਂ ਨਾਲ ਫਿਰ ਗੱਲ ਕਰਨਗੇ । ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਾਂ ਦੇ ਮੁੱਖ ਮੰਤਰੀ, ਕੇਂਦਰੀ ਸਿਹਤ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀ ਕੋਰੋਨਾ ਦੀ ਵੱਧ ਰਹੀ ਰਫਤਾਰ ਅਤੇ ਟੀਕਾਕਰਨ ਦੀਆਂ ਮੁਸ਼ਕਿਲਾਂ ਬਾਰੇ ਮੰਥਨ ਕਰਨਗੇ। ਟੀਕਾਕਰਨ ਦੇ ਪੜਾਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੀਐਮ ਮੋਦੀ ਨੇ ਸਾਰੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਸੀ । ਅਜਿਹੀ ਸਥਿਤੀ ਵਿੱਚ ਅੱਜ ਦੀ ਮੀਟਿੰਗ ਵਿੱਚੋਂ ਇੱਕ ਵੱਡਾ ਸੰਦੇਸ਼ ਨਿਕਲ ਸਕਦਾ ਹੈ।