India records 78524 new cases: ਨਵੀਂ ਦਿੱਲੀ: ਭਾਰਤ ਸਮੇਤ 180 ਤੋਂ ਵੱਧ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ 3.61 ਕਰੋੜ ਤੋਂ ਵੱਧ ਲੋਕ ਇਸ ਲਾਗ ਨਾਲ ਪ੍ਰਭਾਵਿਤ ਹੋਏ ਹਨ। ਇਸ ਵਾਇਰਸ ਨੇ ਹੁਣ ਤੱਕ 10.55 ਲੱਖ ਤੋਂ ਵੱਧ ਸੰਕਰਮਿਤ ਲੋਕਾਂ ਦੀ ਜਾਨ ਲੈ ਲਈ ਹੈ। ਇਥੋਂ ਤੱਕ ਕਿ ਭਾਰਤ ਵਿੱਚ ਵੀ ਕੋਵਿਡ -19 ਦੇ ਮਾਮਲੇ ਹਰ ਰੋਜ਼ ਵੱਧ ਰਹੇ ਹਨ। ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 68 ਲੱਖ ਦੇ ਪਾਰ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਦੀ ਲਾਗ ਨਾਲ ਸੰਕਰਮਣ ਦੀ ਗਿਣਤੀ ਵੱਧ ਕੇ 68,35,655 ਹੋ ਗਈ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 78,524 ਨਵੇਂ ਕੇਸ ਸਾਹਮਣੇ ਆਏ ਹਨ।
ਉੱਥੇ ਹੀ ਦੂਜੇ ਪਾਸੇ ਪਿਛਲੇ 24 ਘੰਟਿਆਂ ਵਿੱਚ 83,011 ਮਰੀਜ਼ ਠੀਕ ਹੋ ਗਏ ਹਨ । ਇਸ ਦੌਰਾਨ ਦੇਸ਼ ਵਿੱਚ 971 ਮਰੀਜ਼ਾਂ ਦੀ ਮੌਤ ਹੋਈ ਹੈ। ਹੁਣ ਤੱਕ ਕੁੱਲ 58,27,704 ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਮੌਤ ਦਾ ਅੰਕੜਾ 1,05,526 ‘ਤੇ ਪਹੁੰਚ ਗਿਆ ਹੈ। ਜਿਸ ਤੋਂ ਬਾਅਦ ਦੇਸ਼ ਵਿੱਚ 9,02,425 ਐਕਟਿਵ ਕੇਸ ਹਨ। ਜੇਕਰ ਇੱਥੇ ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਮਾਮੂਲੀ ਵਾਧੇ ਤੋਂ ਬਾਅਦ ਇਹ 85.25 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਸਕਾਰਾਤਮਕਤਾ ਦਰ 6.57 ਪ੍ਰਤੀਸ਼ਤ ਹੈ ਤੇ ਮੌਤ ਦਰ 1.54 ਪ੍ਰਤੀਸ਼ਤ ਹੈ। ਦੇਸ਼ ਵਿੱਚ ICMR ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ 7 ਅਕਤੂਬਰ ਨੂੰ 11,94,321 ਕੋਰੋਨਾ ਨਮੂਨੇ ਦੇ ਟੈਸਟ ਕੀਤੇ ਗਏ ਸਨ। ਜਿਸ ਤੋਂ ਬਾਅਦ ਦੇਸ਼ ਵਿੱਚ ਕੁੱਲ ਟੈਸਟਾਂ ਦੀ ਗਿਣਤੀ 8,34,65,975 ਹੋ ਗਈ ਹੈ ।
ਦੱਸ ਦੇਈਏ ਕਿ ਦੁਨੀਆਂ ਵਿੱਚ ਅਮਰੀਕਾ ਤੋਂ ਬਾਅਦ ਭਾਰਤ ਦੂਜਾ ਸਭ ਤੋਂ ਵੱਧ ਟੈਸਟ ਕਰਨ ਵਾਲਾ ਦੇਸ਼ ਹੈ, ਹਾਲਾਂਕਿ, ਭਾਰਤ ਦੀ ਆਬਾਦੀ ਨੂੰ ਵੇਖਦਿਆਂ ਪ੍ਰਤੀ 1 ਮਿਲੀਅਨ ਟੈਸਟਾਂ ਦੀ ਗਿਣਤੀ ਅਜੇ ਵੀ ਬਹੁਤ ਘੱਟ ਹੈ। ਭਾਰਤ ਵਿੱਚ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ। ਇੱਥੇ ਤਕਰੀਬਨ 15 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ 2.44 ਲੱਖ ਐਕਟਿਵ ਕੇਸ ਹਨ। ਕੋਰੋਨਾ ਦੇ ਮਰੀਜ਼ ਦੇਸ਼ ਦੇ ਲਗਭਗ ਸਾਰੇ ਰਾਜਾਂ ਤੋਂ ਆ ਰਹੇ ਹਨ। ਬਹੁਤ ਸਾਰੇ ਰਾਜ ਹਨ ਜੋ ਇਸ ਮਹਾਂਮਾਰੀ ਤੋਂ ਮੁਕਤ ਸਨ, ਪਰ ਕੋਰੋਨਾ ਦੀ ਕਥਿਤ ਦੂਜੀ ਲਹਿਰ ਤੋਂ ਬਾਅਦ ਉਨ੍ਹਾਂ ਰਾਜਾਂ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵੱਧਦੇ ਹੋਏ ਦਿਖਾਈ ਦੇ ਰਹੇ ਹਨ।