India records over 75000 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਸੋਮਵਾਰ ਨੂੰ 42 ਲੱਖ ਨੂੰ ਪਾਰ ਕਰ ਗਿਆ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 75 ਹਜ਼ਾਰ 809 ਨਵੇਂ ਮਰੀਜ਼ ਮਿਲੇ ਹਨ, ਜਦਕਿ 1133 ਮਰੀਜ਼ਾਂ ਦੀ ਮੌਤ ਹੋ ਗਈ । ਹੁਣ ਤੱਕ 42 ਲੱਖ 80 ਹਜ਼ਾਰ 423 ਲੋਕ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਇਸ ਵੇਲੇ ਕੋਰੋਨਾ ਦੇ 8 ਲੱਖ 83 ਹਜ਼ਾਰ 697 ਐਕਟਿਵ ਕੇਸ ਹਨ। ਕੋਰੋਨਾ ਤੋਂ ਹੁਣ ਤੱਕ 72 ਹਜ਼ਾਰ 775 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦੀ ਲਾਗ ਤੋਂ ਹੁਣ ਤੱਕ 33 ਲੱਖ 23 ਹਜ਼ਾਰ 951 ਵਿਅਕਤੀ ਠੀਕ ਹੋ ਚੁੱਕੇ ਹਨ। ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਹੁਣ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਬ੍ਰਾਜ਼ੀਲ ਨੂੰ ਪਛਾੜ ਕੇ ਦੂਜੇ ਨੰਬਰ ‘ਤੇ ਆ ਗਿਆ ਹੈ। ਹੁਣ ਸਿਰਫ਼ ਅਮਰੀਕਾ ਹੀ ਭਾਰਤ ਤੋਂ ਅੱਗੇ ਹੈ।
ਦਰਅਸਲ, ਭਾਰਤ ਵਿੱਚ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ, ਜਿੱਥੇ ਕੋਰੋਨਾ ਮਰੀਜ਼ਾਂ ਦਾ ਅੰਕੜਾ 9 ਲੱਖ ਨੂੰ ਪਾਰ ਕਰ ਗਿਆ ਹੈ। ਸੋਮਵਾਰ ਨੂੰ ਇੱਥੇ 16 ਹਜ਼ਾਰ 429 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਰਾਜ ਵਿੱਚ ਮਰੀਜ਼ਾਂ ਦਾ ਅੰਕੜਾ 9 ਲੱਖ 23 ਹਜ਼ਾਰ 641 ਹੋ ਚੁੱਕਿਆ ਹੈ । ਇੱਥੇ ਹੁਣ ਤੱਕ ਕੋਰੋਨਾ ਨਾਲ 27 ਹਜ਼ਾਰ 027 ਲੋਕਾਂ ਦੀ ਮੌਤ ਹੋ ਚੁੱਕੀ ਹੈ । ਚੰਗੀ ਗੱਲ ਇਹ ਹੈ ਕਿ ਰਾਜ ਵਿੱਚ ਰਿਕਵਰੀ ਰੇਟ ਲਗਾਤਾਰ ਵੱਧ ਰਿਹਾ ਹੈ। ਇੱਥੇ ਹੁਣ ਰਿਕਵਰੀ ਰੇਟ 71.4% ਹੈ। ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਵੱਧ ਤੋਂ ਵੱਧ 2077 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਤੋਂ ਬਾਅਦ ਮਰੀਜ਼ਾਂ ਦਾ ਅੰਕੜਾ 1,93,526 ਹੋ ਗਿਆ ਹੈ। ਇੱਥੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 4,599 ਹੋ ਗਈ ਹੈ । ਨਵੇਂ ਕੇਸ ਸਾਹਮਣੇ ਆਉਣ ਅਤੇ ਕੋਰੋਨਾ ਦੀ ਵੱਧਦੀ ਰਫਤਾਰ ਦੇ ਮੱਦੇਨਜ਼ਰ ਸਰਕਾਰ ਨੇ ਇੱਕ ਵਾਰ ਫਿਰ ਸੀਰੋ-ਪ੍ਰਸਾਰ ਸਰਵੇਖਣ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਅਨੁਸਾਰ ਦੇਸ਼ ਵਿੱਚ ਹੁਣ ਤੱਕ 5 ਕਰੋੜ 06 ਲੱਖ 50 ਹਜ਼ਾਰ 128 ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ । ਬੀਤੇ ਦਿਨ ਯਾਨੀ ਕਿ ਐਤਵਾਰ ਨੂੰ 10 ਲੱਖ 98 ਹਜ਼ਾਰ 621 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਸਕਾਰਾਤਮਕਤਾ ਦਰ 7 ਪ੍ਰਤੀਸ਼ਤ ਤੋਂ ਘੱਟ ਹੈ। ICMR ਅਨੁਸਾਰ ਕੋਰੋਨਾ ਵਾਇਰਸ ਦੇ 54% ਕੇਸ 18 ਸਾਲ ਤੋਂ ਲੈ ਕੇ 44 ਸਾਲ ਦੀ ਉਮਰ ਦੇ ਹਨ, ਪਰ ਕੋਰੋਨਾ ਵਾਇਰਸ ਦੀਆਂ 51% ਮੌਤਾਂ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੋਈਆਂ ਹਨ।
ਦੱਸ ਦੇਈਏ ਕਿ ਵਰਲਡ ਮੀਟਰ ਦੇ ਅਨੁਸਾਰ 8 ਸਤੰਬਰ ਸਵੇਰ ਤੱਕ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 64 ਲੱਖ 85 ਹਜ਼ਾਰ ਹੋ ਗਈ, ਜਿਸ ਵਿੱਚੋਂ 1 ਲੱਖ 93 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ 42 ਲੱਖ ਲੋਕ ਸੰਕਰਮਿਤ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 72,816 ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਬ੍ਰਾਜ਼ੀਲ ਵਿੱਚ ਸੰਕਰਮਣ ਦੀ ਕੁੱਲ ਸੰਖਿਆ 41 ਲੱਖ 47 ਹਜ਼ਾਰ ਹੋ ਗਈ ਹੈ, ਇੱਥੇ ਇੱਕ ਲੱਖ 27 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ ਵਿੱਚ ਮੌਤ ਦੀ ਦਰ ਸਭ ਤੋਂ ਵੱਧ ਹੈ।