India reports 37148 new cases: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਹੁਣ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 11.55 ਲੱਖ ਹੋ ਗਈ ਹੈ । ਹੁਣ ਤਕਰੀਬਨ 35-40 ਹਜ਼ਾਰ ਕੇਸ ਹਰ ਰੋਜ਼ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ । ਪਿਛਲੇ 24 ਘੰਟਿਆਂ ਵਿੱਚ 37148 ਮਰੀਜ਼ ਸਾਹਮਣੇ ਆਏ । ਇਸ ਤੋਂ ਪਹਿਲਾਂ ਐਤਵਾਰ ਨੂੰ ਰਿਕਾਰਡ 40 ਹਜ਼ਾਰ 425 ਮਰੀਜ਼ ਸਾਹਮਣੇ ਆਏ ਸਨ । ਪਿਛਲੇ 24 ਘੰਟਿਆਂ ਵਿੱਚ 587 ਮਰੀਜ਼ਾਂ ਦੀ ਵੀ ਮੌਤ ਹੋ ਗਈ ਹੈ। ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 28 ਹਜ਼ਾਰ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅਪਡੇਟ ਅਨੁਸਾਰ ਕੋਰੋਨਾ ਦੇ ਹੁਣ 4 ਲੱਖ 2 ਹਜ਼ਾਰ 529 ਸਰਗਰਮ ਮਾਮਲੇ ਹਨ। ਇਸ ਵਾਇਰਸ ਕਾਰਨ ਹੁਣ ਤੱਕ 28 ਹਜ਼ਾਰ 84 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਇੱਥੇ ਰਾਹਤ ਦੀ ਗੱਲ ਇਹ ਹੈ ਕਿ 7 ਲੱਖ 24 ਹਜ਼ਾਰ 578 ਮਰੀਜ਼ ਠੀਕ ਹੋ ਚੁੱਕੇ ਹਨ।
ਦਰਅਸਲ, ਦੇਸ਼ ਦੇ ਕੁੱਲ ਮਾਮਲਿਆਂ ਵਿੱਚੋਂ 1.23 ਲੱਖ ਕੇਸ ਇਕੱਲੇ ਦਿੱਲੀ ਵਿੱਚ ਹਨ। ਦੇਸ਼ ਵਿੱਚ ਸਭ ਤੋਂ ਵੱਧ ਮਾਮਲਿਆਂ ਵਿੱਚ ਦਿੱਲੀ ਤੀਜੇ ਅਤੇ ਮੌਤ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਹੈ। ਸਭ ਵਿੱਚ ਤੋਂ ਵੱਧ ਕੇਸ ਮਹਾਂਰਾਸ਼ਟਰ (3.18 ਲੱਖ) ਵਿੱਚ ਹਨ। ਤਾਮਿਲਨਾਡੂ 1.75 ਲੱਖ ਮਾਮਲਿਆਂ ਨਾਲ ਦੂਜੇ ਨੰਬਰ ‘ਤੇ ਹੈ।
ਦੇਸ਼ ਵਿੱਚ ਕੋਰੋਨਾ ਦੇ ਸਭ ਤੋਂ ਵੱਧ ਸਰਗਰਮ ਮਾਮਲੇ ਮਹਾਂਰਾਸ਼ਟਰ ਵਿੱਚ ਹਨ। ਸੋਮਵਾਰ ਨੂੰ ਰਾਜ ਵਿੱਚ ਕੋਰੋਨਾ ਦੇ 8240 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 176 ਲੋਕਾਂ ਦੀ ਮੌਤ ਹੋ ਚੁੱਕੀ ਹੈ । ਰਾਜ ਵਿੱਚ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ ਵੱਧ ਕੇ 3,18,695 ਹੋ ਗਈ ਹੈ। ਇਨ੍ਹਾਂ ਵਿੱਚੋਂ 1,75,029 ਰਿਕਵਰੀ ਕੇਸ ਅਤੇ 1,31,334 ਐਕਟਿਵ ਕੇਸ ਸ਼ਾਮਿਲ ਹਨ। ਰਾਸ਼ਟਰੀ ਰਾਜਧਾਨੀ ਵਿੱਚ ਮਾਮਲੇ ਲਗਾਤਾਰ ਘੱਟ ਰਹੇ ਹਨ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 954 ਕੇਸ ਸਾਹਮਣੇ ਆਏ ਹਨ। ਤਕਰੀਬਨ 50 ਦਿਨਾਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਰਾਸ਼ਟਰੀ ਰਾਜਧਾਨੀ ਵਿਚ ਇੱਕ ਹਜ਼ਾਰ ਤੋਂ ਵੀ ਘੱਟ ਮਾਮਲੇ ਸਾਹਮਣੇ ਆਏ ਹਨ।
ਦੱਸ ਦੇਈਏ ਕਿ ਕੋਰੋਨਾ ਪੀੜਤਾਂ ਦੀ ਗਿਣਤੀ ਅਨੁਸਾਰ ਭਾਰਤ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਜੇ ਅਸੀਂ ਪ੍ਰਤੀ 10 ਲੱਖ ਆਬਾਦੀ ਵਾਲੇ ਸੰਕਰਮਿਤ ਮਾਮਲਿਆਂ ਅਤੇ ਮੌਤ ਦਰ ਦੀ ਗੱਲ ਕਰੀਏ ਤਾਂ ਭਾਰਤ ਦੂਜੇ ਦੇਸ਼ਾਂ ਨਾਲੋਂ ਬਹੁਤ ਵਧੀਆ ਹੈ। ਭਾਰਤ ਨਾਲੋਂ ਜ਼ਿਆਦਾ ਕੇਸ ਅਮਰੀਕਾ (3,896,855), ਬ੍ਰਾਜ਼ੀਲ (2,099,896) ਵਿੱਚ ਹਨ। ਦੇਸ਼ ਵਿਚ ਕੋਰੋਨਾ ਮਾਮਲਿਆਂ ਵਿੱਚ ਵਾਧੇ ਦੀ ਰਫਤਾਰ ਵੀ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ।