India reports 45149 new cases: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 79 ਲੱਖ ਨੂੰ ਪਾਰ ਕਰ ਗਈ ਹੈ । ਸੋਮਵਾਰ ਤੱਕ ਦਰਜ ਕੀਤੇ ਜਾਣ ਵਾਲੇ ਨਵੇਂ ਮਾਮਲਿਆਂ ਦੇ ਨਾਲ ਦੇਸ਼ ਵਿੱਚ ਹੁਣ ਤੱਕ ਦਰਜ ਕੋਰੋਨਾ ਲਾਗ ਦੀ ਕੁੱਲ ਗਿਣਤੀ 79,09,959 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਵਿਡ-19 ਦੇ 45,148 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਤਿੰਨ ਮਹੀਨਿਆਂ ਵਿੱਚ ਸਭ ਤੋਂ ਘੱਟ ਹਨ। ਹਾਲਾਂਕਿ, ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ 480 ਲੋਕਾਂ ਦੀ ਮੌਤ ਹੋ ਗਈ ਹੈ, ਜੋ ਕਿ 10 ਜੁਲਾਈ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਘੱਟ ਮੌਤਾਂ ਦੀ ਗਿਣਤੀ ਹੈ। 10 ਜੁਲਾਈ ਨੂੰ 475 ਮੌਤਾਂ ਦਰਜ ਕੀਤੀਆਂ ਗਈਆਂ ਸਨ ।
ਦਰਅਸਲ, ਦੇਸ਼ ਵਿੱਚ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 71 ਲੱਖ ਤੋਂ ਪਾਰ ਚੱਲ ਰਹੀ ਹੈ । ਦੇਸ਼ ਦੀ ਰਿਕਵਰੀ ਦਰ ਵੀ 90% ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਵਿੱਚ 59,105 ਮਰੀਜ਼ ਠੀਕ ਹੋ ਗਏ ਹਨ । ਜੇ ਅਸੀਂ ਸਰਗਰਮ ਮਰੀਜ਼ਾਂ ਬਾਰੇ ਗੱਲ ਕਰੀਏ, ਤਾਂ ਉਨ੍ਹਾਂ ਦੀ ਗਿਣਤੀ 13 ਅਗਸਤ ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਸਮੇਂ ਦੇਸ਼ ਵਿੱਚ ਕੁੱਲ ਸਰਗਰਮ ਮਰੀਜ਼ 8.26% ਭਾਵ 6,53,717 ਹਨ ਤੇ ਹੁਣ ਤੱਕ ਇਸ ਬਿਮਾਰੀ ਤੋਂ 71,37,228 ਲੋਕ ਠੀਕ ਹੋ ਚੁੱਕੇ ਹਨ । ਦੇਸ਼ ਵਿੱਚ ਹੁਣ ਤੱਕ 1,19,014 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਮੌਤ ਦਰ 1.5% ਹੈ। ICMR ਅਨੁਸਾਰ 25 ਅਕਤੂਬਰ ਤੱਕ ਕੋਰੋਨਾ ਵਾਇਰਸ ਦੇ ਕੁੱਲ 10 ਕਰੋੜ 34 ਲੱਖ ਨਮੂਨੇ ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕੱਲ੍ਹ 9.39 ਲੱਖ ਨਮੂਨਿਆਂ ਦਾ ਟੈਸਟ ਲਿਆ ਗਿਆ ਸੀ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਤੋਂ ਸਭ ਤੋਂ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ। ਮਹਾਂਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ 6059 ਨਵੇਂ ਮਰੀਜ਼ ਪਾਏ ਗਏ, 5648 ਲੋਕ ਠੀਕ ਹੋਏ ਅਤੇ 112 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇੱਥੇ ਹੁਣ ਤੱਕ 16 ਲੱਖ 45 ਹਜ਼ਾਰ 20 ਵਿਅਕਤੀ ਸੰਕਰਮਿਤ ਪਾਏ ਗਏ ਹਨ । ਇਨ੍ਹਾਂ ਵਿੱਚੋਂ 1 ਲੱਖ 40 ਹਜ਼ਾਰ 486 ਮਰੀਜ਼ ਅਜੇ ਵੀ ਇਲਾਜ ਅਧੀਨ ਹਨ, ਜਦੋਂ ਕਿ 14 ਲੱਖ 60 ਹਜ਼ਾਰ 755 ਵਿਅਕਤੀ ਠੀਕ ਹੋ ਚੁੱਕੇ ਹਨ । ਹੁਣ ਤੱਕ 43 ਹਜ਼ਾਰ 264 ਮਰੀਜ਼ਾਂ ਦੀ ਲਾਗ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 4136 ਨਵੇਂ ਮਾਮਲੇ ਸਾਹਮਣੇ ਆਏ ਹਨ । ਇਲਾਜ ਦੇ ਬਾਅਦ ਠੀਕ ਹੋਣ ‘ਤੇ 3826 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਨਵੇਂ ਕੇਸ ਆਉਣ ਤੋਂ ਬਾਅਦ ਦਿੱਲੀ ਵਿੱਚ ਸੰਕਰਮਿਤ ਮਾਮਲਿਆਂ ਦੀ ਗਿਣਤੀ ਵੱਧ ਕੇ 3 ਲੱਖ 56 ਹਜ਼ਾਰ 656 ਹੋ ਗਈ ਹੈ । ਇਸ ਵਾਇਰਸ ਕਾਰਨ ਦਿੱਲੀ ਵਿੱਚ ਹੁਣ ਤੱਕ 6258 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 26 ਹਜ਼ਾਰ 744 ਹੈ।