India reports 46791 new cases: ਦੇਸ਼ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਸੰਕ੍ਰਮਣ ਦੇ ਨਵੇਂ ਮਾਮਲਿਆਂ ਵਿੱਚ ਕਮੀ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਸੇ ਵਿਚਾਲੇ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 76 ਲੱਖ ਦੇ ਨੇੜੇ ਆ ਗਈ ਹੈ । ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 50 ਹਜਾਰ ਤੋਂ ਘੱਟ ਯਾਨੀ ਕਿ 46 ਹਜ਼ਾਰ 791 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 75 ਲੱਖ 97 ਹਜ਼ਾਰ 064 ਹੋ ਗਈ ਹੈ। ਉੱਥੇ ਹੀ ਇਸ ਦੌਰਾਨ 587 ਮਰੀਜ਼ਾਂ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਦੇਸ਼ ਵਿੱਚ ਮ੍ਰਿਤਕਾਂ ਦਾ ਅੰਕੜਾ 1 ਲੱਖ 15 ਹਜ਼ਾਰ 197 ‘ਤੇ ਪਹੁੰਚ ਗਿਆ ਹੈ । ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ 67 ਲੱਖ 33 ਹਜ਼ਾਰ 329 ਮਰੀਜ਼ ਠੀਕ ਹੋ ਚੁੱਕੇ ਹਨ । ਉੱਥੇ ਹੀ, 7 ਲੱਖ 48 ਹਜ਼ਾਰ 538 ਮਰੀਜ਼ ਅਜੇ ਵੀ ਇਲਾਜ ਅਧੀਨ ਹਨ ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਫਿਲਹਾਲ 10.23 ਪ੍ਰਤੀਸ਼ਤ ਐਕਟਿਵ ਕੇਸ ਹਨ, ਜਦੋਂ ਕਿ 88.26 ਪ੍ਰਤੀਸ਼ਤ ਲੋਕ ਠੀਕ ਹੋ ਚੁੱਕੇ ਹਨ । ਉੱਥੇ ਹੀ 1.52 ਪ੍ਰਤੀਸ਼ਤ ਲੋਕਾਂ ਦੀ ਮੌਤ ਇਸ ਬਿਮਾਰੀ ਕਾਰਨ ਹੋਈ ਹੈ। ਸਰਗਰਮ ਮਾਮਲਿਆਂ ਨਾਲੋਂ ਠੀਕ ਹੋਏ ਲੋਕਾਂ ਦੀ ਗਿਣਤੀ ਅੱਠ ਗੁਣਾ ਜ਼ਿਆਦਾ ਹੈ। ਮਹਾਂਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ, ਮੌਤ ਦਰ ਅਤੇ ਰਿਕਵਰੀ ਦਰ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ ਹੈ। ICMR ਅਨੁਸਾਰ 19 ਅਕਤੂਬਰ ਤੱਕ ਕੋਰੋਨਾ ਵਾਇਰਸ ਦੇ ਕੁੱਲ 9 ਕਰੋੜ 61 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਕੱਲ੍ਹ 10 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਸਕਾਰਾਤਮਕਤਾ ਦਰ 7 ਪ੍ਰਤੀਸ਼ਤ ਦੇ ਆਸ ਪਾਸ ਹੈ।
ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ, ਜਿੱਥੇ ਸੋਮਵਾਰ ਨੂੰ ਕੋਰੋਨਾ ਦੇ 5,984 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਇੱਥੇ ਮਰੀਜ਼ਾਂ ਦੀ ਕੁੱਲ ਗਿਣਤੀ 16,01,365 ਹੋ ਗਈ ਹੈ ਅਤੇ 125 ਮਰੀਜ਼ਾਂ ਦੀ ਮੌਤ ਹੋ ਗਈ ਹੈ । ਹੁਣ ਤੱਕ 42 ਹਜ਼ਾਰ 240 ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ । ਉੱਥੇ ਹੀ ਦੂਜੇ ਪਾਸੇ ਸੋਮਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ 2154 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸਦੇ ਨਾਲ, ਸੰਕਰਮਿਤ ਦੀ ਕੁੱਲ ਸੰਖਿਆ 3,33,171 ‘ਤੇ ਪਹੁੰਚ ਗਈ ਹੈ।