India reports 48648 new cases: ਨਵੀਂ ਦਿੱਲੀ: ਭਾਰਤ ਸਮੇਤ ਦੁਨੀਆ ਭਰ ਵਿੱਚ 180 ਤੋਂ ਵੱਧ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਖੌਫ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਇਸ ਲਾਗ ਤੋਂ 4.49 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਇਸ ਵਾਇਰਸ ਨੇ ਹੁਣ ਤੱਕ 11.80 ਲੱਖ ਤੋਂ ਵੱਧ ਸੰਕਰਮਿਤ ਲੋਕਾਂ ਦੀ ਜਾਨ ਲੈ ਲਈ ਹੈ । ਇਥੋਂ ਤੱਕ ਕਿ ਭਾਰਤ ਵਿੱਚ ਵੀ ਕੋਵਿਡ-19 ਦੇ ਮਾਮਲੇ ਹਰ ਰੋਜ਼ ਵੱਧ ਰਹੇ ਹਨ । ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 81 ਲੱਖ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਦੀ ਲਾਗ ਨਾਲ ਸੰਕਰਮਿਤ ਹੋਣ ਵਾਲਿਆਂ ਦੀ ਗਿਣਤੀ 80,88,851 ਹੋ ਗਈ ਹੈ । ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 48,648 ਨਵੇਂ ਕੇਸ ਸਾਹਮਣੇ ਆਏ ਹਨ।
ਦਰਅਸਲ, ਪਿਛਲੇ 24 ਘੰਟਿਆਂ ਵਿੱਚ 57,386 ਮਰੀਜ਼ ਠੀਕ ਹੋ ਗਏ ਹਨ । ਜਿਸ ਤੋਂ ਬਾਅਦ ਹੁਣ ਤੱਕ ਕੁੱਲ 73,73,375 ਮਰੀਜ਼ ਠੀਕ ਹੋ ਚੁੱਕੇ ਹਨ । ਬੀਤੇ 24 ਘੰਟਿਆਂ ਦੌਰਾਨ 563 ਲੋਕਾਂ ਦੀ ਮੌਤ ਹੋ ਗਈ ਹੈ,. ਜਿਸ ਤੋਂ ਬਾਅਦ ਕੁੱਲ ਮੌਤਾਂ ਦਾ ਅੰਕੜਾ 1,21,090 ਹੋ ਗਿਆ ਹੈ। ਮੌਜੂਦਾ ਸਮੇਂ ਸਰਗਰਮ ਕੋਰੋਨਾ ਕੇਸਾਂ ਦੀ ਗਿਣਤੀ 6 ਲੱਖ ਤੋਂ ਘੱਟ ਹੈ। ਇਹ ਗਿਣਤੀ 22 ਅਗਸਤ ਤੋਂ ਬਾਅਦ ਪਹਿਲੀ ਵਾਰ ਘੱਟ ਕੇ 5,94,386 ਰਹਿ ਗਈ ਹੈ । ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਇਹ ਮਾਮੂਲੀ ਵਾਧੇ ਤੋਂ ਬਾਅਦ 91.15 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਦੇਸ਼ ਵਿੱਚ ਸਕਾਰਾਤਮਕਤਾ ਦਰ 4.17 ਪ੍ਰਤੀਸ਼ਤ ਹੈ ਤੇ ਮੌਤ ਦਰ 1.49 ਪ੍ਰਤੀਸ਼ਤ ਹੈ। ਦੱਸ ਦੇਈਏ ਕਿ 29 ਅਕਤੂਬਰ ਨੂੰ 11,64,648 ਕੋਰੋਨਾ ਨਮੂਨੇ ਦੇ ਟੈਸਟ ਕੀਤੇ ਗਏ ਸਨ। ਹੁਣ ਤੱਕ ਕੁੱਲ 10,77,28,088 ਨਮੂਨੇ ਦੇ ਟੈਸਟ ਕੀਤੇ ਜਾ ਚੁੱਕੇ ਹਨ।
ਇੱਥੇ ਜੇਕਰ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲਗਾਤਾਰ ਦੂਜੇ ਦਿਨ ਕੋਰੋਨਾ ਦੇ 5000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇੱਕ ਵਾਰ ਫਿਰ ਨਵਾਂ ਰਿਕਾਰਡ ਬਣ ਗਿਆ ਹੈ । ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 5739 ਮਰੀਜ਼ ਸਾਹਮਣੇ ਆਏ ਹਨ, ਜੋ ਕਿ ਹੁਣ ਤੱਕ ਸਭ ਤੋਂ ਵੱਧ ਹਨ । ਇਸ ਤੋਂ ਪਹਿਲਾਂ ਬੁੱਧਵਾਰ ਨੂੰ 5673 ਮਾਮਲੇ ਸਾਹਮਣੇ ਆਏ ਸਨ । ਜਿਸ ਤੋਂ ਬਾਅਦ ਇੱਥੇ ਸਰਗਰਮ ਮਰੀਜ਼ਾਂ ਦੀ ਗਿਣਤੀ 30 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਕੇ 30,952 ਹੋ ਗਈ ਹੈ। ਦਿੱਲੀ ਵਿੱਚ ਸੰਕਰਮਿਤ ਦੀ ਕੁੱਲ ਸੰਖਿਆ ਹੁਣ ਵਧ ਕੇ 3,75,753 ਹੋ ਗਈ ਹੈ ।
ਗੌਰਤਲਬ ਹੈ ਕਿ ਕੋਰੋਨਾ ਮਾਮਲਿਆਂ ਵਿੱਚ ਭਾਰਤ ਦੂਜੇ ਨੰਬਰ ‘ਤੇ ਹੈ । ਪਹਿਲੇ ਸਥਾਨ ‘ਤੇ ਅਮਰੀਕਾ ਹੈ, ਜਿੱਥੇ ਹੁਣ ਤੱਕ ਕੋਰੋਨਾ ਦੇ 89,44,632 ਮਾਮਲੇ ਸਾਹਮਣੇ ਆਏ ਹਨ। ਇੱਥੇ 51,61,649 ਐਕਟਿਵ ਕੇਸ ਹਨ, ਜਦਕਿ ਹੁਣ ਤੱਕ 2,28,647 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਇਲਾਵਾ ਬ੍ਰਾਜ਼ੀਲ ਇਸ ਸੂਚੀ ਵਿੱਚ ਤੀਜੇ ਨੰਬਰ ‘ਤੇ ਹੈ, ਜਿੱਥੇ ਹੁਣ ਤੱਕ 54,94,376 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 1,58,969 ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ ।