India reports 49881 new cases: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 80 ਲੱਖ 40 ਹਜ਼ਾਰ 203 ਹੋ ਗਈ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 49 ਹਜ਼ਾਰ 881 ਨਵੇਂ ਮਰੀਜ਼ ਮਿਲੇ ਹਨ, ਜਦਕਿ 517 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ । ਦੇਸ਼ ਵਿੱਚ ਹੁਣ ਤੱਕ ਕੋਰੋਨਾ ਕਾਰਨ 1 ਲੱਖ 20 ਹਜ਼ਾਰ 527 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 73 ਲੱਖ 15 ਹਜ਼ਾਰ 989 ਲੋਕਾਂ ਨੇ ਇਸ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ।
ਰਿਕਵਰੀ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਪੰਜ ਸਭ ਤੋਂ ਵੱਧ ਸੰਕਰਮਿਤ ਦੇਸ਼ਾਂ ਵਿੱਚ ਚੋਟੀ ‘ਤੇ ਹੈ। ਭਾਰਤ ਵਿੱਚ ਰਿਕਵਰੀ ਰੇਟ 90% ਤੋਂ ਵੱਧ ਹੈ। ਭਾਵ ਹਰ 100 ਮਰੀਜ਼ਾਂ ਵਿੱਚ 90 ਲੋਕ ਠੀਕ ਹੋ ਰਹੇ ਹਨ। ਬਿਹਤਰ ਰਿਕਵਰੀ ਦੇ ਮਾਮਲੇ ਵਿੱਚ ਬ੍ਰਾਜ਼ੀਲ ਦੂਜੇ ਨੰਬਰ ‘ਤੇ ਹੈ। ਇੱਥੇ ਰਿਕਵਰੀ ਰੇਟ 89.65% ਅਤੇ ਰੂਸ ਦੀ 74.84% ਹੈ। ਸਭ ਤੋਂ ਭੈੜੀ ਸਥਿਤੀ ਫਰਾਂਸ ਦੀ ਹੈ, ਜਿੱਥੇ ਹੁਣ ਤੱਕ ਸਿਰਫ 9.69% ਮਰੀਜ਼ ਠੀਕ ਹੋ ਸਕੇ ਹਨ।
ICMR ਅਨੁਸਾਰ 27 ਅਕਤੂਬਰ ਤੱਕ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੁੱਲ 10 ਕਰੋੜ 65 ਲੱਖ 63 ਹਜ਼ਾਰ 440 ਨਮੂਨੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਕੱਲ੍ਹ 10 ਲੱਖ 75 ਹਜ਼ਾਰ 760 ਨਮੂਨਿਆਂ ਦਾ ਟੈਸਟ ਕੀਤਾ ਗਿਆ । ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਮੌਤ ਦਰ ਲਗਾਤਾਰ ਘੱਟ ਰਹੀ ਹੈ ਅਤੇ ਰਿਕਵਰੀ ਰੇਟ ਵੱਧ ਰਿਹਾ ਹੈ। ਫਿਲਹਾਲ ਦੇਸ਼ ਵਿੱਚ ਕੋਰੋਨਾ ਦੀ ਮੌਤ ਦਰ 1.5% ਹੈ ਜਦੋਂ ਕਿ ਰਿਕਵਰੀ ਰੇਟ 90.62% ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਹੈ ਕਿ ਹੁਣ 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਮੌਤ ਦਰ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਹੈ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ, ਜਿੱਥੇ ਬੁੱਧਵਾਰ ਨੂੰ 6378 ਨਵੇਂ ਮਰੀਜ਼ ਪਾਏ ਗਏ ਤੇ 8430 ਲੋਕ ਠੀਕ ਹੋ ਗਏ, ਜਦਕਿ 91 ਮਰੀਜ਼ਾਂ ਦੀ ਮੌਤ ਹੋ ਗਈ। ਮਹਾਂਰਾਸ਼ਟਰ ਵਿੱਚ ਹੁਣ ਤੱਕ ਇਸ ਵਾਇਰਸ ਨਾਲ 16 ਲੱਖ 60 ਹਜ਼ਾਰ 406 ਵਿਅਕਤੀ ਪੀੜਤ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 1 ਲੱਖ 29 ਹਜ਼ਾਰ 401 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ 14 ਲੱਖ 86 ਹਜ਼ਾਰ 926 ਵਿਅਕਤੀ ਇਲਾਜ ਕਰਵਾ ਚੁੱਕੇ ਹਨ । ਹੁਣ ਤੱਕ 43 ਹਜ਼ਾਰ 554 ਮਰੀਜ਼ਾਂ ਦੀ ਲਾਗ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਭਾਰੀ ਉਛਾਲ ਆਇਆ ਹੈ। ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਸੰਕਰਮਣ ਦੇ 5673 ਨਵੇਂ ਮਾਮਲੇ ਸਾਹਮਣੇ ਆਏ ਹਨ, ਇਹ ਆਪਣੇ ਆਪ ਵਿੱਚ ਇੱਕ ਨਵਾਂ ਰਿਕਾਰਡ ਹੈ। ਦਿੱਲੀ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 3,70,014 ਹੋ ਗਈ ਹੈ। ਰਾਜਧਾਨੀ ਵਿੱਚ ਪਿਛਲੇ 24 ਘੰਟਿਆਂ ਵਿੱਚ 40 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 6396 ਲੋਕਾਂ ਦੀ ਮੌਤ ਕੋਰੋਨਾ ਦੀ ਲਾਗ ਨਾਲ ਹੋਈ ਹੈ।