India reports 50357 new cases: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 84 ਲੱਖ ਦੇ ਪਾਰ ਹੋ ਗਈ ਹੈ । ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ 84 ਲੱਖ 62 ਹਜ਼ਾਰ 080 ਹੋ ਗਿਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 50 ਹਜ਼ਾਰ 357 ਨਵੇਂ ਮਰੀਜ਼ ਮਿਲੇ ਹਨ, ਜਦਕਿ 577 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ । ਦੇਸ਼ ਵਿੱਚ ਹੁਣ ਤੱਕ ਕੋਰੋਨਾ ਕਾਰਨ 1 ਲੱਖ 25 ਹਜ਼ਾਰ 562 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 78 ਲੱਖ 19 ਹਜ਼ਾਰ 887 ਲੋਕਾਂ ਨੇ ਇਸ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਜਿਸ ਤੋਂ ਬਾਅਦ ਦੇਸ਼ ਵਿੱਚ ਸਰਗਰਮ ਕੇਸਾਂ ਦੀ ਗਿਣਤੀ 5 ਲੱਖ 16 ਹਜ਼ਾਰ 632 ਹੋ ਗਈ ਹੈ।
ICMR ਅਨੁਸਾਰ 6 ਨਵੰਬਰ ਤੱਕ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੁੱਲ 11 ਕਰੋੜ 65 ਲੱਖ 42 ਹਜ਼ਾਰ 304 ਨਮੂਨੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਕੱਲ੍ਹ 11 ਲੱਖ 13 ਹਜ਼ਾਰ 209 ਨਮੂਨਿਆਂ ਦਾ ਟੈਸਟ ਕੀਤਾ ਗਿਆ । ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਮੌਤ ਦਰ ਲਗਾਤਾਰ ਘੱਟ ਰਹੀ ਹੈ ਅਤੇ ਰਿਕਵਰੀ ਰੇਟ ਵੱਧ ਰਿਹਾ ਹੈ। ਇਸੇ ਵਿਚਾਲੇ ਦੇਸ਼ ਵਿੱਚ ਰਿਕਵਰੀ ਰੇਟ ਵੱਧ ਕੇ 92% ਹੋ ਗਿਆ ਹੈ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ, ਜਿੱਥੇ ਸ਼ੁੱਕਰਵਾਰ ਨੂੰ 5,027 ਨਵੇਂ ਮਰੀਜ਼ ਪਾਏ ਗਏ ਤੇ 11000 ਲੋਕ ਠੀਕ ਹੋ ਗਏ, ਜਦਕਿ 161 ਮਰੀਜ਼ਾਂ ਦੀ ਮੌਤ ਹੋ ਗਈ । ਮਹਾਂਰਾਸ਼ਟਰ ਵਿੱਚ ਹੁਣ ਤੱਕ ਇਸ ਵਾਇਰਸ ਨਾਲ 17 ਲੱਖ 10 ਹਜ਼ਾਰ 314 ਵਿਅਕਤੀ ਪੀੜਤ ਹੋ ਚੁੱਕੇ ਹਨ । ਇਨ੍ਹਾਂ ਵਿੱਚੋਂ 1 ਲੱਖ 03 ਹਜ਼ਾਰ 007 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ 15 ਲੱਖ 62 ਹਜ਼ਾਰ 342 ਵਿਅਕਤੀ ਇਲਾਜ ਕਰਵਾ ਚੁੱਕੇ ਹਨ । ਹੁਣ ਤੱਕ 44 ਹਜ਼ਾਰ 965 ਮਰੀਜ਼ਾਂ ਦੀ ਲਾਗ ਕਾਰਨ ਮੌਤ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਉਛਾਲ ਆਇਆ ਹੈ । ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਸੰਕਰਮਣ ਦੇ 7000 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਤੋਂ ਬਾਅਦ ਦਿੱਲੀ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 4.24 ਲੱਖ ਹੋ ਗਈ ਹੈ। ਰਾਜਧਾਨੀ ਵਿੱਚ ਪਿਛਲੇ 24 ਘੰਟਿਆਂ ਵਿੱਚ 64 ਲੋਕਾਂ ਦੀ ਮੌਤ ਹੋ ਗਈ ਹੈ।