India reports 80472 new cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਲਾਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸਿਹਤ ਮੰਤਰਾਲੇ ਅਨੁਸਾਰ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 62 ਲੱਖ ਦੇ ਚਿੰਤਾਜਨਕ ਅੰਕੜੇ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੀ ਤਾਜ਼ਾ ਜਾਣਕਾਰੀ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 80,472 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 62, 25,763 ਹੋ ਗਈ ਹੈ । ਇਸ ਦੇ ਨਾਲ ਹੀ 1179 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 97,497 ਤੱਕ ਪਹੁੰਚ ਗਈ ਹੈ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 86,428 ਮਰੀਜ਼ ਠੀਕ ਹੋ ਗਏ ਹਨ। ਇੱਕ ਵਾਰ ਫਿਰ 24 ਘੰਟਿਆਂ ਵਿੱਚ ਸੰਕਰਮਿਤ ਵਿਅਕਤੀਆਂ ਨਾਲੋਂ ਵਧੇਰੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਸਾਹਮਣੇ ਆਈ ਹੈ।
ਦਰਅਸਲ, ਇਸ ਸਮੇਂ ਦੇਸ਼ ਵਿੱਚ 9,40,441 ਕੇਸ ਸਰਗਰਮ ਹਨ। ਯਾਨੀ, ਉਨ੍ਹਾਂ ਦਾ ਜਾਂ ਤਾਂ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਜਾਂ ਡਾਕਟਰਾਂ ਦੇ ਦਿਸ਼ਾ-ਨਿਰਦੇਸ਼ਾਂ ਕਾਰਨ ਉਹ ਹੋਮ ਆਈਸੋਲੇਸ਼ਨ ਵਿੱਚ ਹਨ। ਜੇ ਅਸੀਂ ਹੁਣ ਤੱਕ ਕੁੱਲ ਠੀਕ ਹੋਏ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ 52 ਲੱਖ ਦੇ ਅੰਕੜੇ ‘ਤੇ ਪਹੁੰਚ ਗਈ ਹੈ। ਹੁਣ ਤੱਕ, ਕੁਲ 51,87,825 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਸਤੰਬਰ ਮਹੀਨੇ ਵਿੱਚ ਕੋਰੋਨਾ ਦਾ ਕਹਿਰ ਸਭ ਤੋਂ ਜ਼ਿਆਦਾ ਟੁੱਟਿਆ ਹੈ। ਇਸ ਮਹੀਨੇ ਵਿੱਚ ਹੁਣ ਤੱਕ ਕੁੱਲ 26,04,518 ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ 33,028 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹੁਣ ਜੇਕਰ ਕੋਰੋਨਾ ਟੈਸਟ ਬਾਰੇ ਗੱਲ ਕੀਤੀ ਜਾਵੇ ਤਾਂ ICMR ਅਨੁਸਾਰ ਪਿਛਲੇ 24 ਘੰਟਿਆਂ ਵਿੱਚ 10,86,688 ਲੋਕਾਂ ਦੀ ਕੋਰੋਨਾ ਲਈ ਜਾਂਚ ਕੀਤੀ ਗਈ, ਜਦਕਿ ਹੁਣ ਤੱਕ ਕੁੱਲ 7,41,96,729 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ । ਪ੍ਰਤੀਸ਼ਤ ਦੇ ਅਨੁਸਾਰ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਰਿਕਵਰੀ ਰੇਟ 83.32 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ, ਜਦਕਿ ਮੌਤ ਦਰ 1.56 ਪ੍ਰਤੀਸ਼ਤ ‘ਤੇ ਬਣੀ ਹੋਈ ਹੈ। ਸਕਾਰਾਤਮਕਤਾ ਦਰ 7.4 ਪ੍ਰਤੀਸ਼ਤ ਹੈ, ਜਦੋਂ ਕਿ 15.1 ਪ੍ਰਤੀਸ਼ਤ ਕੇਸ ਕਿਰਿਆਸ਼ੀਲ ਮਿਲ ਰਹੇ ਹਨ।