India reports near 67000 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਦੇਸ਼ ਵਿੱਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਚਿੰਤਾ ਹੋਰ ਵੀ ਵਧਾ ਦਿੱਤੀ ਹੈ। ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 37 ਲੱਖ ਦੇ ਨੇੜੇ ਪਹੁੰਚ ਗਈ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 69 ਹਜ਼ਾਰ 921 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 819 ਲੋਕਾਂ ਦੀ ਮੌਤ ਹੋ ਗਈ । ਸਿਹਤ ਮੰਤਰਾਲੇ ਵੱਲੋਂ ਦਿੱਤੇ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 36 ਲੱਖ 91 ਹਜ਼ਾਰ 167 ਹੋ ਗਈ ਹੈ । ਇਨ੍ਹਾਂ ਵਿਚੋਂ 7 ਲੱਖ 85 ਹਜ਼ਾਰ 996 ਸਰਗਰਮ ਕੇਸ ਹਨ । ਹੁਣ ਤੱਕ ਕੋਰੋਨਾ ਤੋਂ 65 ਹਜ਼ਾਰ 288 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਇਸ ਦੇ ਨਾਲ ਹੀ ਇਸ ਮਹਾਂਮਾਰੀ ਤੋਂ 28 ਲੱਖ 39 ਹਜ਼ਾਰ 883 ਵਿਅਕਤੀ ਠੀਕ ਵੀ ਹੋਏ ਹਨ। ਅਮਰੀਕਾ ਬ੍ਰਾਜ਼ੀਲ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਭਾਰਤ ਹੈ।
ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਇੱਕ ਚੰਗੀ ਖ਼ਬਰ ਇਹ ਹੈ ਕਿ ਹੁਣ ਟੈਸਟਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਆਈਸੀਐਮਆਰ ਦੇ ਅੰਕੜਿਆਂ ਅਨੁਸਾਰ 31 ਅਗਸਤ ਨੂੰ 10,16,920 ਲੋਕਾਂ ਦਾ ਟੈਸਟ ਕੀਤਾ ਗਿਆ ਸੀ । ਉੱਥੇ ਹੀ ਹੁਣ ਤੱਕ ਕੁੱਲ 4,33,24,834 ਲੋਕਾਂ ਦਾ ਟੈਸਟ ਕੀਤਾ ਗਿਆ ਹੈ।
ਮਹਾਂਰਾਸ਼ਟਰ ਵਿੱਚ ਕੋਵਿਡ-19 ਦਾ ਸਭ ਤੋਂ ਵੱਧ ਪ੍ਰਭਾਵ ਹੈ। ਇੱਥੇ ਪਿਛਲੇ ਕੁਝ ਦਿਨਾਂ ਤੋਂ ਮਾਮਲੇ ਤੇਜ਼ੀ ਨਾਲ ਵਧਦੇ ਹੋਏ 14 ਹਜ਼ਾਰ ਤੋਂ ਵੱਧ ਸਾਹਮਣੇ ਆ ਰਹੇ ਹਨ। ਸ਼ਨੀਵਾਰ ਨੂੰ ਇੱਥੇ 11,852 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 184 ਲੋਕਾਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਰਾਜ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 24,583 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ਦਾ ਅੰਕੜਾ 5,73,559 ‘ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਵਿੱਚ ਪਿਛਲੇ 2 ਦਿਨ ਤੋਂ ਰੋਜ਼ਾਨਾ 1800 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ ਵਿੱਚ ਸ਼ਨੀਵਾਰ ਨੂੰ 1358 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 18 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਦਿੱਲੀ ਵਿੱਚ ਮੌਤਾਂ ਦਾ ਅੰਕੜਾ 4444 ਹੋ ਗਿਆ ਹੈ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਵਿੱਚ ਪੀੜਤਾਂ ਦੀ ਕੁੱਲ ਗਿਣਤੀ 1,77,748 ਹੋ ਗਈ ਹੈ। ਰਾਹਤ ਦੀ ਗੱਲ ਹੈ ਕਿ ਇੱਥੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 89.3 ਫ਼ੀਸਦੀ ਹੋ ਗਈ ਹੈ।
ਦੱਸ ਦੇਈਏ ਕਿ ਇਸੇ ਵਿਚਾਲੇ ਰਾਹਤ ਦੀ ਗੱਲ ਇਹ ਹੈ ਕਿ ਮੌਤ ਦਰ ਅਤੇ ਐਕਟਿਵ ਕੇਸ ਰੇਟ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਮੌਤ ਦਰ 1.78% ‘ਤੇ ਆ ਗਈ। ਇਸ ਤੋਂ ਇਲਾਵਾ ਇਲਾਜ ਅਧੀਨ ਚੱਲ ਰਹੇ ਸਰਗਰਮ ਮਾਮਲਿਆਂ ਦੀ ਦਰ ਵੀ ਘੱਟ ਕੇ 22% ਰਹਿ ਗਈ ਹੈ। ਇਸਦੇ ਨਾਲ ਹੀ ਭਾਰਤ ਵਿੱਚ ਰਿਕਵਰੀ ਰੇਟ 77% ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਦੇ ਕੇਸ ਹੁਣ ਦੁਨੀਆ ਭਰ ਵਿੱਚ 2.54 ਕਰੋੜ ਨੂੰ ਪਾਰ ਕਰ ਗਏ ਹਨ। ਇਸ ਦੇ ਨਾਲ ਹੀ ਇਸ ਮਹਾਂਮਾਰੀ ਦੇ ਕਾਰਨ 8.50 ਲੱਖ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ਇਸ ਸੰਕਟ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹਨ।