India reports over 83000 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਆਪਣਾ ਗੰਭੀਰ ਅਸਰ ਦਿਖਾ ਰਿਹਾ ਹੈ। ਸਭ ਕੁਝ ਅਨਲਾਕ ਹੋਣ ਤੋਂ ਬਾਅਦ ਵੀ ਸੰਕ੍ਰਮਣ ਦਾ ਸੰਕਟ ਆਊਟ ਆਫ਼ ਕੰਟਰੋਲ ਹੋ ਗਿਆ ਹੈ। ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਮੰਗਲਵਾਰ ਨੂੰ 49 ਲੱਖ ਨੂੰ ਪਾਰ ਕਰ ਗਿਆ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 83 ਹਜ਼ਾਰ 809 ਨਵੇਂ ਮਰੀਜ਼ ਮਿਲੇ ਹਨ, ਜਦਕਿ 1054 ਮਰੀਜ਼ਾਂ ਦੀ ਮੌਤ ਹੋ ਗਈ । ਹੁਣ ਤੱਕ 49 ਲੱਖ 30 ਹਜ਼ਾਰ 237 ਲੋਕ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਇਸ ਵੇਲੇ ਕੋਰੋਨਾ ਦੇ 9 ਲੱਖ 90 ਹਜ਼ਾਰ 061 ਐਕਟਿਵ ਕੇਸ ਹਨ। ਕੋਰੋਨਾ ਤੋਂ ਹੁਣ ਤੱਕ 80 ਹਜ਼ਾਰ 776 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦੀ ਲਾਗ ਤੋਂ ਹੁਣ ਤੱਕ 38 ਲੱਖ 59 ਹਜ਼ਾਰ 400 ਵਿਅਕਤੀ ਠੀਕ ਹੋ ਚੁੱਕੇ ਹਨ। ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਹੁਣ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਬ੍ਰਾਜ਼ੀਲ ਨੂੰ ਪਛਾੜ ਕੇ ਦੂਜੇ ਨੰਬਰ ‘ਤੇ ਆ ਗਿਆ ਹੈ। ਹੁਣ ਸਿਰਫ਼ ਅਮਰੀਕਾ ਹੀ ਭਾਰਤ ਤੋਂ ਅੱਗੇ ਹੈ।
ਦਰਅਸਲ, ਭਾਰਤ ਵਿੱਚ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ, ਜਿੱਥੇ ਕੋਰੋਨਾ ਮਰੀਜ਼ਾਂ ਦਾ ਅੰਕੜਾ 10 ਲੱਖ ਨੂੰ ਪਾਰ ਕਰ ਗਿਆ ਹੈ। ਸੋਮਵਾਰ ਨੂੰ ਇੱਥੇ 17 ਹਜ਼ਾਰ 066 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਰਾਜ ਵਿੱਚ ਮਰੀਜ਼ਾਂ ਦਾ ਅੰਕੜਾ 10 ਲੱਖ 77 ਹਜ਼ਾਰ 374 ਹੋ ਚੁੱਕਿਆ ਹੈ । ਇੱਥੇ ਹੁਣ ਤੱਕ ਕੋਰੋਨਾ ਨਾਲ 29 ਹਜ਼ਾਰ 894 ਲੋਕਾਂ ਦੀ ਮੌਤ ਹੋ ਚੁੱਕੀ ਹੈ । ਚੰਗੀ ਗੱਲ ਇਹ ਹੈ ਕਿ ਰਾਜ ਵਿੱਚ ਰਿਕਵਰੀ ਰੇਟ ਲਗਾਤਾਰ ਵੱਧ ਰਿਹਾ ਹੈ। ਇੱਥੇ ਹੁਣ ਰਿਕਵਰੀ ਰੇਟ 70.2% ਹੈ। ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਵੱਧ ਤੋਂ ਵੱਧ 3229 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਤੋਂ ਬਾਅਦ ਮਰੀਜ਼ਾਂ ਦਾ ਅੰਕੜਾ 2,21,533 ਹੋ ਗਿਆ ਹੈ। ਇੱਥੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 4770 ਹੋ ਗਈ ਹੈ ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਅਨੁਸਾਰ ਦੇਸ਼ ਵਿੱਚ ਹੁਣ ਤੱਕ 5 ਕਰੋੜ 82 ਲੱਖ 12 ਹਜ਼ਾਰ 273 ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ । ਬੀਤੇ ਦਿਨ ਯਾਨੀ ਕਿ ਸੋਮਵਾਰ ਨੂੰ 10 ਲੱਖ 72 ਹਜ਼ਾਰ 845 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਸਕਾਰਾਤਮਕਤਾ ਦਰ 7 ਪ੍ਰਤੀਸ਼ਤ ਤੋਂ ਘੱਟ ਹੈ। ICMR ਅਨੁਸਾਰ ਕੋਰੋਨਾ ਵਾਇਰਸ ਦੇ 54% ਕੇਸ 18 ਸਾਲ ਤੋਂ ਲੈ ਕੇ 44 ਸਾਲ ਦੀ ਉਮਰ ਦੇ ਹਨ, ਪਰ ਕੋਰੋਨਾ ਵਾਇਰਸ ਦੀਆਂ 51% ਮੌਤਾਂ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੋਈਆਂ ਹਨ।
ਦੱਸ ਦੇਈਏ ਇੱਥੇ ਰਾਹਤ ਦੀ ਗੱਲ ਇਹ ਹੈ ਕਿ ਮੌਤ ਦਰ ਅਤੇ ਐਕਟਿਵ ਕੇਸ ਰੇਟ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦੀ ਦਰ ਗਿਰ ਕੇ 1.63% ‘ਤੇ ਆ ਗਈ ਹੈ। ਇਸ ਤੋਂ ਇਲਾਵਾ ਇਲਾਜ ਅਧੀਨ ਚੱਲ ਰਹੇ ਸਰਗਰਮ ਮਾਮਲਿਆਂ ਦੀ ਦਰ ਵੀ ਘੱਟ ਕੇ 20% ਰਹਿ ਗਈ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ 78% ਹੋ ਗਿਆ ਹੈ।