Mylan to launch remdesivir: ਭਾਰਤ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚਾਲੇ ਹੁਣ ਇਸਦੀ ਦਵਾਈ ਬਾਰੇ ਵੀ ਖੁਸ਼ਖਬਰੀ ਆਉਣੀ ਸ਼ੁਰੂ ਹੋ ਗਈ ਹੈ । ਫਾਰਮਾਸਿਊਟੀਕਲ ਕੰਪਨੀ Mylan NV ਨੇ ਸੋਮਵਾਰ ਨੂੰ ਕਿਹਾ ਕਿ ਉਹ ਗਿਲਿਅਡ ਸਾਇੰਸਜ਼ ਦੀ ਕੋਰੋਨਾ ਵਾਇਰਸ ਦੀ ਐਂਟੀਵਾਇਰਲ ਡਰੱਗ ਰੇਮਡੇਸਿਵਿਰ ਦਾ ਜੇਨਰੀਕ ਵਰਜ਼ਨ ਭਾਰਤ ਵਿੱਚ ਲਾਂਚ ਕਰੇਗੀ। ਕੰਪਨੀ ਨੇ ਦੱਸਿਆ ਕਿ ਇਸ ਦੀ ਕੀਮਤ 4,800 ਰੁਪਏ ਹੋਵੇਗੀ ਜੋ ਵਿਕਸਤ ਦੇਸ਼ਾਂ ਨਾਲੋਂ 80 ਪ੍ਰਤੀਸ਼ਤ ਘੱਟ ਹੈ ।
ਕੈਲੀਫੋਰਨੀਆ ਸਥਿਤ ਗਿਲਿਅਡ ਨੇ 127 ਵਿਕਾਸਸ਼ੀਲ ਦੇਸ਼ਾਂ ਵਿੱਚ ਰੇਮਡੇਸਿਵਿਰ ਦਵਾਈਆਂ ਮੁਹੱਈਆ ਕਰਾਉਣ ਲਈ ਕਈ ਜੇਨਰਿਕ ਡਰੱਗ ਨਿਰਮਾਤਾਵਾਂ ਦੇ ਨਾਲ ਲਾਇਸੰਸਿੰਗ ਸੌਦਿਆਂ ‘ਤੇ ਦਸਤਖਤ ਕੀਤੇ ਹਨ । Mylan ਤੋਂ ਪਹਿਲਾਂ ਦੋ ਹੋਰ ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਸਿਪਲਾ ਲਿਮਟਡ ਅਤੇ ਹੇਟੇਰੋ ਲੈਬਜ਼ ਲਿਮਟਿਡ ਨੇ ਵੀ ਪਿਛਲੇ ਮਹੀਨੇ ਦਵਾਈ ਦੇ ਜੇਨਰਿਕ ਵਰਜ਼ਨ ਨੂੰ ਲਾਂਚ ਕੀਤਾ ਸੀ। ਸਿਪਲਾ ਆਪਣੇ ਵਰਜ਼ਨ ਸਿਪਰੇਮ ਨੂੰ 5000 ਰੁਪਏ ਤੋਂ ਘੱਟ ਦੀ ਕੀਮਤ ‘ਤੇ ਦੇਵੇਗਾ, ਜਦੋਂਕਿ ਹੇਟੇਰੋ ਨੇ ਰੇਮਡੇਸਿਵਿਰ ਦੇ ਆਪਣੇ ਜੇਨਰਿਕ ਵਰਜ਼ਨ ਕੋਵਿਫੋਰ ਦੀ ਕੀਮਤ 5,400 ਰੁਪਏ ਰੱਖੀ ਹੈ।
ਗਿਲਿਅਡ ਨੇ ਪਿਛਲੇ ਹਫ਼ਤੇ ਵਿਕਸਤ ਦੇਸ਼ਾਂ ਲਈ ਰੇਮਡੇਸਿਵਿਰ ਦੀ ਕੀਮਤ ਪ੍ਰਤੀ ਮਰੀਜ਼ $2,340 ਰੱਖੀ ਅਤੇ ਇਸ ਗੱਲ ਦਾ ਕਰਾਰ ਕੀਤਾ ਕਿ ਉਹ ਅਗਲੇ ਤਿੰਨ ਮਹੀਨਿਆਂ ਵਿੱਚ ਆਪਣੀ ਪੂਰੀ ਦਵਾਈ ਅਮਰੀਕਾ ਨੂੰ ਦੇ ਦੇਵੇਗੀ। Mylan ਦੀ ਕੀਮਤ ਪ੍ਰਤੀ 100 ਮਿਲੀਗ੍ਰਾਮ ਵਾਯਲ ਨਿਰਧਾਰਤ ਕੀਤੀ ਗਈ ਹੈ, ਪਰ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਇਸਦੇ ਕਿੰਨੇ ਵਾਯਲ ਕੋਰਸ ਪੂਰਾ ਕਰਨ ਦੀ ਜ਼ਰੂਰਤ ਹੈ। ਗਿਲਿਅਡ ਦੇ ਅਨੁਸਾਰ ਪੰਜ ਦਿਨਾਂ ਦੇ ਇਲਾਜ ਕੋਰਸ ਲਈ ਇੱਕ ਮਰੀਜ਼ ਨੂੰ ਦਵਾਈ ਦੀ ਛੇ ਸ਼ੀਸ਼ੀਆਂ ਦੀ ਜ਼ਰੂਰਤ ਹੋਵੇਗੀ।
ਦੱਸ ਦੇਈਏ ਕਿ ਕਲੀਨਿਕਲ ਟ੍ਰਾਇਲ ਵਿੱਚ ਰੇਮਡੇਸਿਵਿਰ ਦਵਾਈ ਨਾਲ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਰਿਕਵਰੀ ਸਮਾਂ ਘਟਣ ਦੇ ਸਮੇਂ ਤੋਂ ਹੀ ਇਸ ਦਵਾਈ ਦੀ ਬਹੁਤ ਮੰਗ ਹੈ, ਪਰ ਇਸ ਦੀ ਸਪਲਾਈ ਬਾਰੇ ਅਜੇ ਵੀ ਬਹੁਤ ਸਾਰੀਆਂ ਚਿੰਤਾਵਾਂ ਹਨ ।.Mylan ਨੇ ਕਿਹਾ ਕਿ ਉਹ ਭਾਰਤ ਵਿੱਚ ਰੇਮਡੇਸਿਵਿਰ ਦਵਾਈ ਨੂੰ ਇੰਜੈਕਟੇਬਲ ਸਮੱਗਰੀ ਦੇ ਤਹਿਤ ਬਣਾਵੇਗੀ। ਇਸ ਤੋਂ ਇਲਾਵਾ ਉਹ 127 ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਪਹੁੰਚਾਉਣ ਲਈ ਕੰਮ ਕਰ ਰਹੀ ਹੈ। ਇਸ ਲਈ ਇਸ ਨੂੰ ਗਿਲਿਅਡ ਸਾਇੰਸਜ਼ ਵੱਲੋਂ ਲਾਇਸੈਂਸ ਦਿੱਤਾ ਗਿਆ ਹੈ।