ਪੰਜਾਬ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਰਫ਼ਤਾਰ ਫੜ੍ਹ ਲਈ ਹੈ। ਸੂਬੇ ਵਿੱਚ ਵੀਰਵਾਰ ਨੂੰ 247 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਦੌਰਾਨ 3 ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਨ੍ਹਾਂ ਮਰੀਜ਼ਾਂ ਵਿੱਚ 2 ਮਰੀਜ਼ ਮੋਹਾਲੀ ਤੇ ਇੱਕ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ । ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1275 ਹੋ ਗਈ ਹੈ । ਸੂਬੇ ਵਿੱਚ ਬੀਤੇ 24 ਘੰਟਿਆਂ ਦੌਰਾਨ 226 ਮਰੀਜ਼ ਕੋਰੋਨਾ ਤੋਂ ਠੀਕ ਵੀ ਹੋਏ ਹਨ।
ਜ਼ਿਕਰਯੋਗ ਹੈ ਕਿ ਬੀਤੇ 24 ਘੰਟਿਆਂ ਵਿੱਚ 13087 ਸੈਂਪਲ ਜਾਂਚ ਲਈ ਭੇਜੇ ਗਏ । ਵੱਖ-ਵੱਖ ਜ਼ਿਲ੍ਹਿਆਂ 50 ਮਰੀਜ਼ਾਂ ਨੂੰ ਆਕਸੀਜਨ ਸਪੋਰਟ ਤੇ ਰੱਖਿਆ ਗਿਆ ਹੈ, ਜਦਕਿ 6 ਮਰੀਜ਼ਾਂ ਨੂੰ ਨਾਜ਼ੁਕ ਹਾਲਤ ਹੋਣ ਕਾਰਨ ICU ਵਿੱਚ ਸ਼ਿਫਟ ਕੀਤਾ ਗਿਆ ਹੈ ਤੇ 2 ਮਰੀਜ਼ ਵੈਂਟੀਲੇਟਰ ‘ਤੇ ਹਨ । ਸੂਬੇ ਵਿੱਚ ਮੋਹਾਲੀ ਵਿੱਚ ਸਭ ਤੋਂ ਜ਼ਿਆਦਾ 62 ਮਾਮਲੇ, ਲੁਧਿਆਣਾ ਵਿੱਚ 47, ਪਟਿਆਲਾ ਵਿੱਚ 23, ਜਲੰਧਰ ਵਿੱਚ 18, ਬਠਿੰਡਾ ਵਿੱਚ 11, ਅੰਮ੍ਰਿਤਸਰ ਵਿੱਚ 10 ਅਤੇ 8-8 ਮਰੀਜ਼ ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ ਤੇ ਮਾਨਸਾ ਵਿੱਚ ਸਾਹਮਣੇ ਆਏ ਹਨ ।
ਦੱਸ ਦੇਈਏ ਕਿ 1 ਅਪ੍ਰੈਲ ਤੋਂ ਲੈ ਕੇ ਹੁਣ ਤੱਕ 6258 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ । ਜਿਨ੍ਹਾਂ ਵਿੱਚੋਂ 40 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। 11 ਜੂਨ ਤੋਂ ਹੁਣ ਤੱਕ ਸੂਬੇ ਵਿੱਚ ਐਕਟਿਵ ਕੇਸ ਵਧ ਕੇ 1275 ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: