punjab teachers award: ਚੰਡੀਗੜ (2 ਅਗਸਤ): ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਹਦਾਇਤਾਂ ‘ਤੇ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕ ਸਟੇਟ ਅਵਾਰਡ 2020 ਲਈ ਨਾਮੀਨੇਸ਼ਨ ਭੇਜਣ ਵਾਸਤੇ ਆਖਰੀ ਤਰੀਕ ਵਿੱਚ ਵਧਾ ਦਿੱਤੀ ਹੈ ਤਾਂ ਜੋ ਸਾਰੇ ਯੋਗ ਅਧਿਆਪਿਕ ਇਸ ਅਵਾਰਡ ਲਈ ਅਰਜੀਆਂ ਭੇਜ ਸਕਣ। ਸਕੂਲ ਸਿੱਖਿਆ ਵਿÎਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਸਹਾਇਕ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਵੱਲੋਂ ਜਾਰੀ ਕੀਤੇ ਇੱਕ ਪੱਤਰ ਵਿੱਚ ਇਹ ਨਾਮੀਨੇਸ਼ਨ 10 ਅਗਸਤ ਤੱਕ ਆਨ ਲਾਈਨ ਭੇਜਣ ਲਈ ਕਿਹਾ ਹੈ। ਪਹਿਲਾਂ ਇਹ ਤਰੀਕ 30 ਜੁਲਾਈ 2020 ਨਿਰਧਾਰਤ ਕੀਤੀ ਗਈ ਸੀ। ਬੁਲਾਰੇ ਅਨੁਸਾਰ ਪੋਰਟਲ ‘ਤੇ ਹਰੇਕ ਸਟਾਫ ਮੈਂਬਰ ਦਾ ਵੱਖਰਾ ਆਈ.ਡੀ. ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਮਿਲਿਆ ਹੋਇਆ ਹੈ। ਉਸ ਦੇ ਰਾਹੀਂ ਲੋਗ-ਇੰਨ ਕਰਕੇ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ।
ਬੁਲਾਰੇ ਅਨੁਸਾਰ ਕੋਈ ਵੀ ਅਧਿਆਪਕ/ਸਕੂਲ ਮੁਖੀ ਖੁਦ ਸਟੇਟ ਅਵਾਰਡ ਲਈ ਅਪਲਾਈ ਨਹੀਂ ਕਰੇਗਾ। ਕਿਸੇ ਵੀ ਅਧਿਆਪਕ/ਸਕੂਲ ਮੁਖੀ ਦੀ ਸਟੇਟ ਅਵਾਰਡ ਲਈ ਕੋਈ ਵੀ ਦੂਸਰਾ ਅਧਿਆਪਕ/ਸਕੂਲ ਮੁਖੀ/ਇਨਚਾਰਜ ਨਾਮੀਨੇਸ਼ਨ ਕਰ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀ/ ਜ਼ਿਲ੍ਹਾ ਸਿੱਖਿਆ ਅਫਸਰ/ਸਹਾਇਕ ਡਾਇਰੈਕਟਰ/ਡਿਪਟੀ ਡਾਇਰੈਕਟ/ ਡਾਇਰੈਕਟਰ ਜਨਰਲ ਸਕੂਲ ਸਿੱਖਿਆ/ ਸਿੱਖਿਆ ਸਕੱਤਰ ਵੱਲੋਂ ਵੀ ਕਿਸੇ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ। ਜੋ ਵੀ ਸਟੇਟ ਅਵਾਰਡ ਲਈ ਨਾਮੀਨੇਸ਼ਨ ਕਰੇਗਾ, ਉਹ ਆਪਣੀ ਹੱਥ ਲਿਖਤ ਵਿੱਚ ਘੱਟੋ ਘੱਟ 250 ਸ਼ਬਦਾਂ ਵਿੱਚ ਲਿਖ ਕੇ ਜਾਣਕਾਰੀ ਦੇਵੇਗਾ ਕਿ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਉਹ ਕਿਉਂ ਕਰਨਾ ਚਾਹੁੰਦਾ ਹੈ। ਇਹ ਅਵਾਰਡ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦਿੱਤੇ ਜਾਣਗੇ।