ਚੰਡੀਗੜ: ਸਿੱਖਿਆ ਮੰਤਰੀ ਸ. ਪਰਗਟ ਸਿੰਘ ਵੱਲੋਂ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਭਰਤੀ ਪ੍ਰਕਿਰਿਆਵਾਂ ਨੂੰ ਸਮਾਂ ਰਹਿੰਦਿਆਂ ਮੁਕੰਮਲ ਕਰਵਾਉਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਅੱਜ ਈ.ਟੀ.ਟੀ. ਅਧਿਆਪਕਾਂ ਦੀਆਂ 6635 ਅਸਾਮੀਆਂ ਲਈ ਭਰਤੀ ਪ੍ਰੀਖਿਆ ਕਰਵਾਈ ਗਈ। ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸ਼ਰਮਾ ਨੇ ਵਿਭਾਗ ਨੇ ਪ੍ਰੀਖਿਆ ਪ੍ਰਬੰਧਾਂ ਉਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਬਹੁਤ ਹੀ ਵਧੀਆ ਕਾਰਜ ਨੇਪਰੇ ਚੜਾਇਆ ਗਿਆ ਹੈ। ਉਨਾਂ ਕਿਹਾ ਕਿ ਵਿਭਾਗ ਵੱਲੋਂ 18,900 ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ਆਰੰਭੀ ਹੋਈ ਹੈ ਜੋ ਜਲਦ ਹੀ ਮੁਕੰਮਲ ਕਰ ਕੇ ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ।
ਅੱਜ ਹੋਈ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਅਤੇ ਭਰਤੀ ਬੋਰਡ ਦੇ ਅਧਿਕਾਰੀ ਡਾ. ਜਰਨੈਲ ਸਿੰਘ ਕਾਲੇਕੇ ਨੇ ਦੱਸਿਆ ਕਿ ਪੰਜਾਬ ਦੇ 7 ਜ਼ਿਲਿਆਂ ਵਿੱਚ 95 ਪ੍ਰੀਖਿਆ ਕੇਂਦਰ ਬਣਾਏ ਗਏ ਜਿਨਾਂ ਵਿੱਚ 22982 ਉਮੀਦਵਾਰਾਂ ਵਿੱਚੋਂ 19963 ਉਮੀਦਵਾਰਾਂ ਨੇ ਹਾਜਰ ਹੋ ਕੇ ਪ੍ਰੀਖਿਆ ਦਿੱਤੀ ਜੋ ਕਿ 86.86 ਫੀਸਦੀ ਰਹੀ। ਉਨਾਂ ਕਿਹਾ ਕਿ ਵਿਭਾਗ ਵੱਲੋਂ ਪ੍ਰੀਖਿਆ ਕੇਂਦਰਾਂ ਵਿੱਚ ਨਿਗਰਾਨ ਅਮਲੇ ਨੇ ਚੁਸਤੀ ਫੁਰਤੀ ਦਿਖਾ ਕੇ 2 ਫਰਜ਼ੀ (ਇਮਪਰਸੋਨੇਸਨ) ਕੇਸ ਫੜੇ।
ਇੱਕ ਕੇਸ ਜਲਾਲਾਬਾਦ ਦੇ ਪ੍ਰੀਖਿਆ ਕੇਂਦਰ ਅਤੇ ਇੱਕ ਕੇਸ ਅਬੋਹਰ ਦੇ ਪ੍ਰੀਖਿਆ ਕੇਂਦਰ ਵਿੱਚ ਸਾਹਮਣੇ ਆਇਆ ਜਿੱਥੇ ਉਮੀਦਵਾਰ ਦੀ ਥਾਂ ਹੋਰ ਦੂਜਾ ਵਿਅਕਤੀ ਪ੍ਰੀਖਿਆ ਦਿੰਦਾ ਫੜਿਆ ਗਿਆ। ਇਨ੍ਹਾਂ ਦੋਵੇਂ ਕੇਸਾਂ ਵਿੱਚ ਅਗਲੇਰੀ ਕਾਰਵਾਈ ਕਰ ਦਿੱਤੀ ਗਈ ਹੈ। ਉਨਾਂ ਅੱਗੇ ਦੱਸਿਆ ਕਿ ਜਿਹੜੇ ਉਮੀਦਵਾਰ ਇਮਪਰਸੋਨੇਸ਼ਨ ਦੇ ਕੇਸਾਂ ਵਿੱਚ ਸ਼ਾਮਲ ਪਾਏ ਗਏ ਹਨ ਉਨਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ ਅਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਵੀ ਵਿਭਾਗ ਵੱਲੋਂ ਕੀਤੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਦੀ ਭਰਤੀ ਦੇ ਇਮਤਿਹਾਨਾਂ ਵਿੱਚ ਨਕਲ ਜਾਂ ਇਮਪਰਸੋਨੇਸ਼ਨ ਦੇ ਕੇਸਾਂ ਵਿੱਚ ਸਖਤੀ ਵਰਤੀ ਜਾਵੇਗੀ।