Gurpreet Ghuggi Happy Birthday: ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੇ ਕਲਾਕਾਰ ਗੁਰਪ੍ਰੀਤ ਘੁੱਗੀ ਦਾ ਅੱਜ ਜਨਮਦਿਨ ਹੈ। ਅੱਜ ਉਨ੍ਹਾਂ ਦੇ ਜਨਮਦਿਨ ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕੁੱਝ ਦਿਲਚਸਪ ਗੱਲਾਂ। ਪੰਜਾਬੀ ਸਿਨੇਮਾ ਵਿਚ ਇੱਕ ਕਾਮੇਡੀਅਨ ਹੀ ਨਹੀਂ ਸਗੋਂ ਬਤੌਰ ਨਾਇਕ ਸੰਜੀਦਾ ਕਿਰਦਾਰਾਂ ਨਾਲ ਖੇਡਣ ਵਾਲਾ ਸਫ਼ਲ ਕਲਾਕਾਰ ਵੀ ਹਨ। ਅਜੋਕੇ ਦੌਰ ਦੀਆਂ ਫ਼ਿਲਮਾਂ ਵਿਚ ਇੱਕ ਅਲੱਗ ਪਛਾਣ ਰੱਖਣ ਵਾਲੇ ਇਸ ਕਲਾਕਾਰ ਨੇ ਅਦਾਕਾਰ ਬਣਨ ਦਾ ਸੁਫ਼ਨਾ ਬਚਪਨ ਦੇ ਦਿਨਾਂ ਵਿਚ ਹੀ ਲਿਆ ਸੀ, ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਵੱਡਾ ਸੰਘਰਸ਼ ਕਰਨਾ ਪਿਆ। ਸਮੇਂ ਅਤੇ ਹਾਲਾਤ ਨਾਲ ਜੂਝਦਾ ਗੁਰਪ੍ਰੀਤ ਘੁੱਗੀ ਜਦੋਂ ਆਪਣੇ ਉਸਤਾਦ ਬਲਵਿੰਦਰ ਵਿੱਕੀ ਉਰਫ਼ ‘ਚਾਚਾ ਰੌਣਕੀ ਰਾਮ’ ਕੋਲ ਗਏ ਤਾਂ ਉਨ੍ਹਾਂ ਨੂੰ ਕਲਾਕਾਰੀ ਦੇ ਖੇਤਰ ‘ਚ ਅੱਗੇ ਵਧਣ ਦਾ ਇੱਕ ਚੰਗਾ ਮੌਕਾ ਮਿਲਿਆ। ਦੂਰਦਰਸ਼ਨ ਦੇ ਲੜੀਵਾਰਾਂ ‘ਰੋਣਕ ਮੇਲਾ’, ‘ਨੂਰਾ’ ਅਤੇ ‘ਪਰਛਾਵੇਂ’ ਵਿਚ ਉਨ੍ਹਾਂ ਦੇ ਕਿਰਦਾਰ ਦਰਸ਼ਕਾਂ ਲਈ ਪ੍ਰਭਾਵਸ਼ਾਲੀ ਰਹੇ।
ਦੂਰਦਰਸ਼ਨ ਅਤੇ ਆਲ ਇੰਡੀਆ ਦੇ ਪ੍ਰੋਗਰਾਮਾਂ ਰਾਹੀਂ ਇਕ ਵੱਖਰੀ ਪਛਾਣ ਬਣਾ ਚੁੱਕੇ ਗੁਰਪ੍ਰੀਤ ਘੁੱਗੀ ਨੇ ਪੰਜਾਬੀ ਫਿਲਮ ‘ਜੀ ਆਇਆਂ ਨੂੰ’ ਤੋਂ ਫਿਲਮੀ ਪਰਦੇ ਵੱਲ ਪਹਿਲਾ ਕਦਮ ਰਖਿਆ। ਭਾਵੇਂ ਕਿ ਗੁਰਪ੍ਰੀਤ ਘੁੱਗੀ ਨੇ ਹੁਣ ਤਕ ਜ਼ਿਆਦਾਤਰ ਕਾਮੇਡੀ ਕਿਰਦਾਰ ਹੀ ਨਿਭਾਏ, ਪਰ ਕੁਝ ਸਾਲ ਪਹਿਲਾਂ ਆਈ ਫਿਲਮ ‘ਅਰਦਾਸ’ ‘ਚ ਮਾਸਟਰ ਗੁਰਮੱਖ ਸਿੰਘ ਦੇ ਕਿਰਦਾਰ ਨੇ ਦਰਸ਼ਕਾਂ ਦੇ ਦਿਲਾਂ ‘ਤੇ ਨਾਇਕ ਵਾਲੀ ਗੂੜ੍ਹੀ ਮੋਹਰ ਲਾ ਦਿੱਤੀ।
ਇਸ ਕਿਰਦਾਰ ਨੇ ਦਰਸ਼ਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਇਹ ਕਾਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਹੀ ਹੈ। ਇਸ ਕਿਰਦਾਰ ਬਦਲੇ ਉਨ੍ਹਾਂ ਨੂੰ ਬੈਸਟ ਐਕਟਰ ਦਾ ਐਵਾਰਡ ਵੀ ਮਿਲਿਆ। ਇਸੇ ਤਰ੍ਹਾਂ ਇਸ ਫ਼ਿਲਮ ਦੇ ਸੀਕਵਲ ‘ਅਰਦਾਸ ਕਰਾਂ’ ‘ਚ ਗੁਰਪ੍ਰੀਤ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਪੀੜਤ ਇਕ ਜਿੰਦਾਂ-ਦਿਲ ਇਨਸਾਨ ਦੇ ਕਿਰਦਾਰ ਨੂੰ ਬਾਖ਼ੂਬੀ ਪਰਦੇ ‘ਤੇ ਪੇਸ਼ ਕੀਤਾ। ਦੱਸ ਦੇਈਏ ਇਸ ਕੋਰੋਨਾ ਕਾਰਨ ਹੋਏ ਲੌਕਡਾਉਨ ਦੌਰਾਨ ਵੀ ਗੁਰਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਕਈ ਵੀਡੀਓਜ਼ ਸ਼ੇਅਰ ਕੀਤੀਆਂ ਸਨ।