ammy virk apologize news: ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਹੁਣ ਵਿਵਾਦ ਮੁਸਲਿਮ ਸਮਾਜ ਨਾਲ ਹੈ। ਇੱਕ ਗੀਤ ਰਾਹੀਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਕੀਤੀ ਗਈ ਹੈ। ਇਸ ਸਬੰਧੀ ਆਲ ਇੰਡੀਆ ਗੁੱਜਰ ਮਹਾਸਭਾ ਅਤੇ ਮੁਸਲਿਮ ਬ੍ਰਦਰਹੁੱਡ ਨੇ ਐਮੀ ਵਿਰਕ ਵਿਰੁੱਧ ਥਾਣਾ ਟਾਂਡਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ।
ਹੈਡ ਟਾਂਡਾ ਹਨੀਫ ਮੁਹੰਮਦ, ਬੱਬੂ ਗੁੱਜਰ, ਹਾਜੀ ਦਲਵੀਰ, ਹਾਸ਼ਮ, ਕਨੀਮ ਮੁਦੀਨ ਇਮਾਮ ਟਾਂਡਾ ਨੇ ਐਮੀ ਵਿਰਕ ਵਿਰੁੱਧ ਨਾਅਰੇਬਾਜ਼ੀ ਕਰਨ ਤੋਂ ਬਾਅਦ ਥਾਣਾ ਟਾਂਡਾ ਦੇ ਇੰਚਾਰਜ ਬਿਕਰਮ ਸਿੰਘ ਨੂੰ ਮੰਗ ਪੱਤਰ ਦਿੱਤਾ। ਮਾਮਲਾ ਵੱਧਦਾ ਦੇਖੇ ਹੁਣ ਐਮੀ ਵਿਰਕ ਤੇ ਜਾਨੀ ਨੇ ਇਕੱਠਿਆਂ ਇਕ ਪੋਸਟ ਸਾਂਝੀ ਕਰਕੇ ਮੁਆਫ਼ੀ ਮੰਗੀ ਹੈ।
ਪੋਸਟ ’ਚ ਲਿਖਿਆ ਹੈ, ‘ਮੈਂ ਉਨ੍ਹਾਂ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ, ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਸਾਲ 2020 ’ਚ ਆਏ ਗੀਤ ‘ਕਬੂਲ ਏ’ ਕਾਰਨ ਠੇਸ ਪਹੁੰਚੀ ਹੈ। ਮੈਂ ਇਹ ਸਭ ਜਾਣਬੁਝ ਕੇ ਨਹੀਂ ਕੀਤਾ ਹੈ ਤੇ ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਇਨ੍ਹਾਂ ਸ਼ਬਦਾਂ ਦੀ ਵਰਤੋਂ ਗੀਤ ’ਚ ਕਦੇ ਨਾ ਕਰਦਾ।’ ਉਨ੍ਹਾਂ ਅੱਗੇ ਲਿਖਿਆ, ‘ਅਸੀਂ ਗੀਤ ’ਚ ਸ਼ਬਦਾਂ ਨੂੰ ਹਟਾ ਦਿੱਤਾ ਹੈ, ਜਿਵੇਂ ਹੀ ਸਾਨੂੰ ਪਤਾ ਲੱਗਾ ਕਿ ਇਸ ਨਾਲ ਕੁਝ ਲੋਕਾਂ ਨੂੰ ਠੇਸ ਪਹੁੰਚ ਰਹੀ ਹੈ। ਮੈਂ ਆਪਣੇ ਤੇ ਉਨ੍ਹਾਂ ਸਾਰਿਆਂ ਲਈ ਮੁਆਫ਼ੀ ਚਾਹੁੰਦਾ ਹਾਂ, ਜੋ ਇਸ ਗੀਤ ਨਾਲ ਜੁੜੇ ਹਨ।’