Ammy Virk jagdeep Sidhu: ਆਪਣੇ ਪੰਜਾਬ ਦਾ ਹਰ ਕਿਸਾਨ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਦਿੱਲੀ ਮਾਰਚ ਦੇ ਦੌਰਾਨ ਕਿਸਾਨਾਂ ਦੇ ਨਾਲ ਰਾਹ ‘ਚ ਬਹੁਤ ਧੱਕਾ ਹੋ ਰਿਹਾ ਹੈ। ਕਿਸਾਨਾਂ ਉੱਤੇ ਹੋ ਰਹੇ ਧੱਕੇ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਸਦਾ ਲੋਕੀਂ ਕਾਫੀ ਵਿਰੋਧ ਕਰ ਰਹੇ ਹਨ। ਆਮ ਲੋਕਾਂ ਦੇ ਨਾਲ ਨਾਲ ਪੰਜਾਬ ਗਾਇਕ ਵੀ ਸੋਸ਼ਲ ਮੀਡੀਆ ਤੇ ਇਸਦਾ ਰੋਸ਼ ਜਾਹਰ ਕਰ ਰਹੇ ਹਨ। ਗਾਇਕ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਿਸਾਨਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਨਿਸਚੈ ਕਰਿ ਅਪੁਨੀ ਜੀਤ ਕਰੋ’। ਉੱਧਰ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਵੀ ਕਿਸਾਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਹੋਏ ਲਿਖਿਆ ਹੈ- ‘ਜੇ ਏਨੇ ਹੀ ਸੱਚੇ ਹੋ ਕੇ ਇਲੈਕਸ਼ਨ ਵੇਲੇ ਵੋਟ ਪਾਈ..ਤਾਂ ਆਪਣੇ ਹੱਕਾਂ ਲਈ ਦਿੱਲੀ ਨਾ ਤੁਰਣਾ ਪਵੇ। ਬਾਬਾ ਮੇਹਰ ਕਰੇ । ਨਿਸਚੈ ਕਰਿ ਅਪੁਨੀ ਜੀਤ ਕਰੋ’ ।
ਦੱਸ ਦੇਈਏ ਸ਼ੰਭੂ ਵਿਖੇ ਪੁਲਿਸ ਨਾਲ ਝੜਪ ਅਤੇ ਬੈਰੀਕੇਡ ਨੂੰ ਉਖਾੜਨ ਤੋਂ ਬਾਅਦ ਹੁਣ ਕਿਸਾਨ ਖਨੌਰੀ ਸਰਹੱਦ ‘ਤੇ ਬੈਰੀਕੇਡਾਂ ਨੂੰ ਉਖਾੜ ਕੇ ਹਰਿਆਣਾ ਵਿਚ ਦਾਖਲ ਹੋ ਗਏ ਹਨ। ਇਹ ਅੱਜ ਦੂਜੀ ਵਾਰ ਹੈ ਜਦੋਂ ਕਿਸਾਨ ਦਿੱਲੀ ਵੱਲ ਵਧਣ ਲਈ ਹਰਿਆਣਾ ਵਿਚ ਦਾਖਲ ਹੋਏ ਹਨ। ਹਾਲਾਂਕਿ ਪੁਲਿਸ ਨੇ ਕਿਸਾਨਾਂ ਖਿਲਾਫ ਵਾਟਰ ਕੈਨਨ ਦੀ ਵਰਤੋਂ ਕੀਤੀ ਪਰ ਕਿਸਾਨਾਂ ਦੀ ਹਿੰਮਤ ਤੇ ਭਾਵਨਾ ਨੂੰ ਰੋਕਣ ਵਿੱਚ ਅਸਫਲ ਰਹੀ। ਹਮਲਾਵਰ ਕਿਸਾਨ ਅੱਗੇ ਵਧਣ ਤੋਂ ਬਾਅਦ, ਪੁਲਿਸ ਪਿੱਛੇ ਵੱਲ ਚਲੀ ਗਈ।
ਦੱਸਣਯੋਗ ਹੈ ਕਿ ਅੰਬਾਲਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ। ਇਸ ਦੌਰਾਨ ਇੱਟ ਅਤੇ ਪੱਥਰ ਵੀ ਚੱਲੇ। ਕਿਸਾਨਾਂ ਨੂੰ ਰੋਕਣ ਲਈ ਸੜਕਾਂ ਅਤੇ ਪੁਲਾਂ ‘ਤੇ ਬੈਰੀਕੇਡ ਲਗਾਏ ਗਏ ਸਨ ਜਿਨ੍ਹਾਂ ਨੂੰ ਕਿਸਾਨਾਂ ਨੇ ਤੋੜ ਕੇ ਦਰਿਆ ‘ਚ ਸੁੱਟ ਦਿੱਤਾ। ਕਿਸਾਨਾਂ ਨੂੰ ਅੱਗੇ ਵਧਦੇ ਵੇਖ ਕੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ‘ਤੇ ਠੰਡੇ-ਠਾਰ ਪਾਣੀ ਦੀ ਵਰਖਾ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ।