Asha bhosle maharashtra Bhushan: ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ ਨੂੰ ਸਾਲ 2020 ਲਈ ਵੱਕਾਰੀ ਮਹਾਰਾਸ਼ਟਰ ਭੂਸ਼ਣ ਅਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਦੱਸ ਦੇਈਏ ਕਿ ਇਹ ਐਲਾਨ ਮੁੱਖ ਮੰਤਰੀ ਉਧਵ ਠਾਕਰੇ ਦੀ ਮਹਾਰਾਸ਼ਟਰ ਭੂਸ਼ਣ ਐਵਾਰਡ ਦੀ ਚੋਣ ਕਮੇਟੀ ਦੀ ਬੈਠਕ ਤੋਂ ਬਾਅਦ ਕੀਤਾ ਗਿਆ ਸੀ। ਉਪ ਮੁੱਖ ਮੰਤਰੀ ਅਜੀਤ ਪਵਾਰ, ਸਭਿਆਚਾਰਕ ਮਾਮਲੇ ਮੰਤਰੀ ਅਮਿਤ ਵਿਲਾਸ ਰਾਓ ਦੇਸ਼ਮੁਖ, ਰਾਜ ਮੰਤਰੀ ਰਾਜਿੰਦਰ ਪਾਟਿਲ-ਯਦਰਾਵਕਰ ਅਤੇ ਹੋਰ ਉੱਚ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਘੋਸ਼ਣਾ ਦੇ ਤੁਰੰਤ ਬਾਅਦ, ਠਾਕਰੇ, ਪਵਾਰ ਅਤੇ ਹੋਰਾਂ ਨੇ 87 ਸਾਲਾ ਭੋਸਲੇ ਨੂੰ ਵਧਾਈ ਦਿੱਤੀ। ਬਾਅਦ ਵਿੱਚ ਹੋਣ ਵਾਲੇ ਇੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ।
ਇਹ ਐਲਾਨ ਕਰਨ ਤੋਂ ਬਾਅਦ, 87 ਸਾਲਾ ਗਾਇਕ ਨੇ ਵੀਰਵਾਰ ਸ਼ਾਮ ਨੂੰ ਇੱਕ ਟਵੀਟ ਜ਼ਰੀਏ, ਸਨਮਾਨ ਲਈ ਚੁਣੇ ਜਾਣ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ। ਹੱਥ ਜੋੜਦੇ ਹੋਏ ਉਸ ਦੀ ਤਸਵੀਰ ਸਾਂਝੀ ਕਰਦਿਆਂ, ਉਸਨੇ ਇੱਕ ਟਵੀਟ ਵਿੱਚ ਲਿਖਿਆ, “ਤਹਿ ਦਿਲੋਂ ਸ਼ੁਕਰ ਹੈ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਮੈਨੂੰ ਰਾਜ ਦਾ ਸਭ ਤੋਂ ਵੱਡਾ ਪੁਰਸਕਾਰ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਜੈ ਹਿੰਦ ਜੈ ਮਹਾਰਾਸ਼ਟਰ।”
ਆਸ਼ਾ ਭੋਂਸਲੇ ਦੀ ਵੱਡੀ ਭੈਣ ਲਤਾ ਮੰਗੇਸ਼ਕਰ ਨੇ ਵੀ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕੀਤਾ। ਲਤਾ ਮੰਗੇਸ਼ਕਰ ਨੇ ਇੱਕ ਟਵੀਟ ਵਿੱਚ ਲਿਖਿਆ, “ਨਮਸਕਾਰ, ਮੇਰੀ ਭੈਣ ਆਸ਼ਾ ਭੋਂਸਲੇ ਨੂੰ 2020 ਲਈ ਮਾਨਯੋਗ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਲਈ, ਮੈਂ ਆਸ਼ਾ ਨੂੰ ਦਿਲੋਂ ਵਧਾਈ ਦਿੰਦੀ ਹਾਂ ਅਤੇ ਉਸ ਨੂੰ ਆਸ਼ੀਰਵਾਦ ਦਿੰਦੀ ਹਾਂ। ਦੱਸ ਦਈਏ ਕਿ ਮਹਾਰਾਸ਼ਟਰ ਭੂਸ਼ਣ ਅਵਾਰਡ 1996 ਵਿੱਚ ਸ਼ੁਰੂ ਕੀਤਾ ਗਿਆ ਸੀ। ਮਰਹੂਮ ਲੇਖਕ ਪੁਰਸ਼ੋਤਮ ਲਕਸ਼ਮਣ ਦੇਸ਼ਪਾਂਡੇ ਨੂੰ ਪਹਿਲੀ ਵਾਰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ, ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ 1997 ਵਿੱਚ ਮਹਾਰਾਸ਼ਟਰ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।