babbu Maan Kisan Protest: ਹਮੇਸ਼ਾ ਆਪਣੇ ਗੀਤਾਂ ਰਾਹੀ ਕਿਸਾਨ ਤੇ ਕਿਸਾਨੀ ਦੀ ਗੱਲ ਕਰਨ ਵਾਲੇ ਬੱਬੂ ਮਾਨ ਨੇ ਅੱਜ ਕੁੰਡਲੀ ਬਾਰਡਰ ਤੇ ਪਹੁੰਚ ਕੇ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਨੂੰ ਭਰਪੂਰ ਸਮਰਥਨ ਦਿੱਤਾ। ਉਹਨਾਂ ਆਪਣੇ ਭਾਸ਼ਨ ਦੌਰਾਨ ਪੰਜਾਬ ਦੀ ਜਵਾਨੀ ਨੁੰ ਨਸ਼ੇੜੀ ਦੱਸਣ ਵਾਲੀ ਨੈਸ਼ਨਲ ਮੀਡੀਆ ਦੀ ਖੂਬ ਝਾੜ ਝੰਬ ਕੀਤੀ ਅਤੇ ਉਹਨਾਂ ਅਤੇ ਨੌਜਵਾਨਾਂ ਨੂੰ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣ ਦੀ ਅਪੀਲ ਵੀ ਕੀਤੀ। ਆਪਣੀਆਂ ਮੰਗਾਂ ਲਈ ਸੜਕਾਂ ’ਤੇ ਉਤਰੇ ਕਿਸਾਨਾਂ ਦਾ ਜੋਸ਼ ਕਿਸੇ ਤੋਂ ਲੁਕਿਆ ਨਹੀਂ ਹੈ। ਹਰ ਆਮ ਤੇ ਖਾਸ ਵਿਅਕਤੀ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ, ਉਥੇ ਪੰਜਾਬੀ ਗਾਇਕ ਵੀ ਇਨ੍ਹਾਂ ਧਰਨਿਆਂ ਤੇ ਪ੍ਰਦਰਸ਼ਨਾਂ ’ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਰਹੇ ਹਨ।
ਅਜਿਹੇ ’ਚ ਪੰਜਾਬੀ ਗਾਇਕ ਬੱਬੂ ਮਾਨ ਵੀ ਕਿਸਾਨਾਂ ਨੂੰ ਸਮਰਥਨ ਦੇਣ ਦਿੱਲੀ ਪਹੁੰਚੇ ਹਨ। ਬੱਬੂ ਮਾਨ ਨੇ ਇਸ ਦੌਰਾਨ ਲੋਕਾਂ ਨੂੰ ਸੰਬੋਧਨ ਵੀ ਕੀਤਾ ਤੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਸਿਰਫ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ’ਚ ਪਹੁੰਚ ਚੁੱਕੀ ਹੈ। ਸਾਡੇ ਨੌਜਵਾਨਾਂ ਨੂੰ ਨਸ਼ੇੜੀ ਤੇ ਵੈਲੀ ਦੱਸਿਆ ਜਾਂਦਾ ਸੀ, ਜਿਨ੍ਹਾਂ ਨੇ ਅੱਜ ਮਿਸਾਲ ਕਾਇਮ ਕਰ ਦਿੱਤੀ ਹੈ।
ਬੱਬੂ ਮਾਨ ਨੇ ਨੌਜਵਾਨਾਂ ਨੂੰ ਆਪਣੇ ਆਪ ’ਚ ਸੁਧਾਰ ਦੀ ਬੇਨਤੀ ਵੀ ਕੀਤੀ। ਉਨ੍ਹਾਂ ਕਿਹਾ ਜਿਹੜਾ ਨੌਜਵਾਨ ਪੂਰਾ ਦਿਨ ਫੇਸਬੁੱਕ ’ਤੇ ਲਾ ਲਾ-ਲਾ ਲਾ ਕਰਦੇ ਹਨ, ਉਨ੍ਹਾਂ ਨੂੰ ਸੰਯਮ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਫੇਸਬੁੱਕ ਦੀ ਵਰਤੋਂ ਕਰਦੀ ਹੈ ਪਰ ਕੀ ਸਾਡੇ ਵਾਂਗ ਕੋਈ ਵਰਤਦਾ ਹੈ? ਉਨ੍ਹਾਂ ਕਿਹਾ ਕਿ ਆਓ ਸੱਭਿਅਕ ਸਮਾਜ ਸਿਰਜੀਏ, ਇਕ-ਦੂਜੇ ਦੀ ਸੁਵਿਧਾ ਦਾ ਧਿਆਨ ਰੱਖੀਏ। ਬੱਬੂ ਮਾਨ ਨੇ ਕਿਹਾ ਕਿ ਦਿਨ ਵੰਡ ਕੇ ਸਵੇਰੇ ਗੁਰਬਾਣੀ ਸੁਣਿਆ ਕਰੋ, ਸ਼ਾਮ ਨੂੰ ਕੁਆਲੀਆਂ ਤੇ ਕਦੇ-ਕਦੇ ਗੀਤ ਵੀ ਸੁਣ ਲਿਆ ਕਰੋ।