ਫਲਾਇੰਗ ਸਿੱਖ ਮਿਲਖਾ ਸਿੰਘ ਇੱਕ ਮਹੀਨੇ ਤੱਕ ਕੋਰੋਨਾ ਨਾਲ ਲੜਨ ਤੋਂ ਬਾਅਦ ਜ਼ਿੰਦਗੀ ਦੀ ਦੌੜ ਹਾਰ ਗਏ ਹਨ। ਬੀਤੀ ਰਾਤ ਉਨ੍ਹਾਂ ਦਾ PGI ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ ਹੈ।
91 ਸਾਲਾ ਮਿਲਖਾ ਸਿੰਘ ਨੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਬੀਤੀ ਰਾਤ ਆਖਰੀ ਸਾਹ ਲਏ ਹਨ। ਉਨ੍ਹਾਂ ਦੇ ਜਾਣ ਕਾਰਨ ਨਾ ਸਿਰਫ ਖੇਡ ਜਗਤ ਬਲਕਿ ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਿਲਖਾ ਸਿੰਘ ਦੇ ਜੀਵਨ, ਸੰਘਰਸ਼ ਅਤੇ ਪ੍ਰਾਪਤੀਆਂ ਨੂੰ ਫ਼ਿਲਮੀ ਪਰਦੇ ‘ਤੇ ਪੇਸ਼ ਕਰਨ ਵਾਲੇ ਅਭਿਨੇਤਾ ਫ਼ਰਹਾਨ ਅਖ਼ਤਰ ਨੇ ਮਿਲਖਾ ਸਿੰਘ ਨੂੰ ਭਾਵਾਤਮਕ ਸ਼ਰਧਾਂਜਲੀ ਭੇਟ ਕੀਤੀ ਹੈ।
ਫ਼ਰਹਾਨ ਅਖ਼ਤਰ ਨੇ ਮਿਲਖਾ ਸਿੰਘ ਨਾਲ ਆਪਣੀ ਫੋਟੋ ਸਾਂਝੀ ਕੀਤੀ ਅਤੇ ਲਿਖਿਆ- ‘ਡੀਅਰਸਟ ਮਿਲਖਾ ਜੀ, ਮੇਰਾ ਇੱਕ ਹਿੱਸਾ ਅਜੇ ਵੀ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਤੁਸੀਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਸਾਇਦ ਇਹ ਉਹੀ ਜ਼ਿੱਦੀ ਹਿੱਸਾ ਹੈ ਜੋ ਮੈਂ ਤੁਹਾਡੇ ਤੋਂ ਲਿਆ ਹੈ… ਉਹ ਹਿੱਸਾ ਜੋ ਇੱਕ ਵਾਰ ਕੁੱਝ ਕਰਨ ਲਈ ਦ੍ਰਿੜ ਹੋ ਜਾਂਦਾ ਹੈ ਤਾਂ ਉਸ ਨੂੰ ਪੂਰਾ ਕੀਤੇ ਬਗੈਰ ਹਿੰਮਤ ਨਹੀਂ ਹਾਰਦਾ ਅਤੇ ਸੱਚ ਇਹ ਹੈ ਕਿ ਤੁਸੀਂ ਹਮੇਸ਼ਾਂ ਜੀਉਂਦੇ ਰਹੋਗੇ। ਕਿਉਂਕਿ ਤੁਸੀਂ ਇਕ ਵੱਡੇ ਦਿਲ ਵਾਲੇ ਇਨਸਾਨ ਨਾਲੋਂ ਜ਼ਿਆਦਾ ਪਿਆਰ ਦੇਣ ਵਾਲੇ ਅਤੇ ਜ਼ਮੀਨ ਨਾਲ ਜੁੜੇ ਇਨਸਾਨ ਸੀ।”
ਅਖ਼ਤਰ ਨੇ ਕਿਹਾ, “ਤੁਸੀਂ ਇੱਕ ਵਿਚਾਰ ਅਤੇ ਇੱਕ ਸੁਪਨੇ ਦੀ ਨੁਮਾਇੰਦਗੀ ਕੀਤੀ ਹੈ। ਇਸ ਨੂੰ ਤੁਹਾਡੇ ਸ਼ਬਦਾਂ ਵਿੱਚ ਆਖਣ ਲਈ, ਕੋਈ ਵਿਅਕਤੀ ਕਿਵੇਂ ਆਪਣੇ ਗੋਡਿਆਂ ਤੋਂ ਉੱਪਰ ਉੱਠ ਸਕਦਾ ਹੈ ਅਤੇ ਸਖਤ ਮਿਹਨਤ, ਸੱਚਾਈ ਅਤੇ ਦ੍ਰਿੜਤਾ ਨਾਲ ਅਸਮਾਨ ਨੂੰ ਛੂਹ ਸਕਦਾ ਹੈ। ਤੁਸੀਂ ਸਾਡੇ ਸਾਰਿਆਂ ਦੇ ਜੀਵਨ ਨੂੰ ਛੂਹ ਲਿਆ ਹੈ। ਉਨ੍ਹਾਂ ਲਈ ਜੋ ਤੁਹਾਨੂੰ ਪਿਤਾ ਅਤੇ ਦੋਸਤ ਵਜੋਂ ਜਾਣਦੇ ਸਨ, ਉਨ੍ਹਾਂ ਲਈ ਇਹ ਇੱਕ ਆਸ਼ੀਰਵਾਦ ਸੀ, ਅਤੇ ਉਹਨਾਂ ਲਈ ਜੋ ਨਹੀਂ ਜਾਣਦੇ ਸਨ, ਉਨ੍ਹਾਂ ਲਈ ਤੁਸੀਂ ਇੱਕ ਨਿਰੰਤਰ ਪ੍ਰੇਰਣਾ ਅਤੇ ਸਫਲਤਾ ਵਿੱਚ ਨਿਮਰਤਾ ਦੀ ਇੱਕ ਉਦਾਹਰਣ ਸੀ। ਮੈਂ ਤੁਹਾਨੂੰ ਤਹਿ ਦਿਲ ਤੋਂ ਪਿਆਰ ਕਰਦਾ ਹਾਂ।”
ਇਹ ਵੀ ਪੜ੍ਹੋ : ਫਲਾਇੰਗ ਸਿੱਖ ਮਿਲਖਾ ਸਿੰਘ ਦੇ ਦਿਹਾਂਤ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਣੇ ਕਈ ਨੇਤਾਵਾਂ ਨੇ ਜਤਾਇਆ ਸੋਗ
ਦੱਸ ਦੇਈਏ ਕਿ ਫ਼ਰਹਾਨ ਅਖਤਰ ਨੇ ਸਾਲ 2013 ਵਿੱਚ ਫਿਲਮ ‘ਭਾਗ ਮਿਲਖਾ ਭਾਗ’ ਵਿੱਚ ਮਿਲਖਾ ਸਿੰਘ ਦੀ ਭੂਮਿਕਾ ਨਿਭਾਈ ਸੀ। ਰਾਕੇਸ਼ ਓਮਪ੍ਰਕਾਸ਼ ਮਹਿਰਾ ਦੁਆਰਾ ਨਿਰਦੇਸ਼ਤ ਇਸ ਫਿਲਮ ਨੇ ਮਿਲਖਾ ਸਿੰਘ ਦੀਆਂ ਅਣਕਿਆਸੀਆ ਕਹਾਣੀਆਂ ਤੋਂ ਵਿਸ਼ਵ ਨੂੰ ਰੂਬਰੂ ਕਰਵਾਇਆ ਸੀ। ਇਸ ਫਿਲਮ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ ਅਤੇ ਅੱਜ ਵੀ ਇਸ ਫਿਲਮ ਨੂੰ ਫ਼ਰਹਾਨ ਦੀ ਸਰਬੋਤਮ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇਹ ਵੀ ਦੇਖੋ : ਨਹੀਂ ਰਹੇ ‘ਫਲਾਇੰਗ ਸਿੱਖ’ Milkha Singh, ਕੋਰੋਨਾ ਕਾਰਨ ਹੋਈ ਮੌਤ, ਪਤਨੀ ਦੇ ਪਿੱਛੇ ਹੀ ਛੱਡੀ ਦੁਨੀਆ