gavie chahal farmer protest: ਬਾਲੀਵੁੱਡ ਦੇ ਨਾਇਕ ਗੈਵੀ ਚਹਿਲ ਨੇ ਅੱਜ ਟਿੱਕਰੀ ਬਾਰਡਰ ਵਿਖੇ ਪੁੱਜ ਕੇ, ਸੰਯੁਕਤ ਕਿਸਾਨ ਮੋਰਚੇ ਦੀ ਸਟੇਜ਼ ਤੋਂ ਕਿਸਾਨ ਸੰਘਰਸ਼ ਦੀ ਪੁਰਜੋਰ ਹਮਾਇਤ ‘ਚ ਅਵਾਜ਼ ਬੁਲੰਦ ਕੀਤੀ। ਇਸ ਮੌਕੇ ਮੋਰਚੇ ਦੇ ਆਗੂਆਂ ਸੱਤਪਾਲ ਚੋਪੜਾ, ਪ੍ਰਸ਼ੋਤਮ ਸਿੰਘ ਗਿੱਲ, ਜਸਵੀਰ ਕੌਰ ਨੱਤ, ਗੁਰਨਾਮ ਸਿੰਘ, ਅਮਰੀਕ ਫਫੜੇ, ਪ੍ਰਗਟ ਸਿੰਘ ਤਲਵੰਡੀ ਭਾਈਕੀ, ਰਾਮਫਲ ਚੱਕ ਅਲੀਸ਼ੇਰ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ ਆਦਿ ਨੇ ਦੇਸ਼-ਵਿਦੇਸ਼ ‘ਚ ਕਿਸਾਨੀ ਦਾ ਝੰਡਾ ਬੁਲੰਦ ਕਰਨ ਬਦਲੇ ਗੈਵੀ ਚਹਿਲ ਨੂੰ ਸਨਮਾਨਿਤ ਵੀ ਕੀਤਾ।
ਗੈਵੀ ਚਹਿਲ ਨੇ ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਨੇ ਸਿਰਫ ਦੇਸ਼ ਦੇ ਕਿਸਾਨਾਂ ਨੂੰ ਹੀ ਆਪਣੇ ਹੱਕਾਂ ਲਈ ਜਾਗਰੂਕ ਕੀਤਾ ਹੈ। ਸਗੋਂ ਹਰ ਵਰਗ ਦੇ ਲੋਕਾਂ ਨੂੰ ਹੱਕੀ ਮੰਗਾਂ ਲਈ ਲਾਮਬੰਦ ਹੋਣ ਵਾਸਤੇ ਹਲੂਣਿਆ ਹੈ। ਗੈਵੀ ਚਹਿਲ ਨੇ ਦੱਸਿਆ ਕਿ ਉਹ ਜਿਸ ਮੁਲਕ ਜਾਂ ਰਾਜ ਵਿੱਚ ਜਾਂਦਾ ਹੈ ਉੱਥੇ ਹੀ ਕਿਸਾਨ ਸੰਘਰਸ਼ ਦਾ ਝੰਡਾ ਬੁਲੰਦ ਕਰਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਿਸਟਮ ਦਾ ਹਿੱਸਾ ਬਣਨ ਨਾ ਕਿ ਸੱਤਾਧਾਰੀ ਲੋਕਾਂ ਤੋਂ ਕੋਈ ਉਮੀਦ ਰੱਖਣ। ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦੇ ਹਾਕਮ ਤਾਨਾਸ਼ਾਹੀ ‘ਤੇ ਉੱਤਰ ਆਏ ਹਨ ਅਤੇ ਸਿਰਫ ਪੂੰਜੀਪਤੀਆਂ ਦੇ ਹੱਕ ‘ਚ ਹੀ ਫੈਸਲੇ ਲੈ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਕੋਈ ਭਲਾਈ ਨਹੀਂ ਹੋਣੀ। ਗੈਵੀ ਚਹਿਲ ਨੇ ਕਿਹਾ ਕਿ ਕਿਸਾਨ ਮਾਰੂ ਤਿੰਨ ਕਾਲੇ ਕਾਨੂੰਨਾਂ ਦੇ ਖਾਤਮੇ ਲਈ ਜਿਸ ਤਰ੍ਹਾਂ ਲੰਬਾ ਸੰਘਰਸ਼ ਚੱਲਿਆ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਕੋਲ ਦੇਸ਼ ਦੇ ਹਾਕਮਾਂ ਦੀਆਂ ਹਰ ਤਰ੍ਹਾਂ ਦੀਆਂ ਚਾਲਾਂ ਤੇ ਜਬਰ ਦਾ ਟਾਕਰਾ ਕਰਨ ਵਾਸਤੇ ਸੋਝੀ, ਹਿੰਮਤ ਤੇ ਜੁਝਾਰੂਪਣ ਹੈ।
ਉਨ੍ਹਾਂ ਇਸ ਮੌਕੇ ‘ਮੈਂ ਨਹੀਂ ਅਸੀਂ’ ਦਾ ਨਾਅਰਾ ਬੁਲੰਦ ਕੀਤਾ ਭਾਵ ਹੁਣ ਸਮਾਂ ਆ ਗਿਆ ਸਾਨੂੰ ਨਿੱਜ ਤੋਂ ਉੱਠਕੇ, ਇੱਕਜੁੱਟ ਹੋ ਕੇ ਆਪਣੇ ਹੱਕਾਂ ਲਈ ਹੰਭਲੇ ਮਾਰਨ ਦੀ ਲੋੜ ਹੈ। ਗੈਵੀ ਚਹਿਲ ਨੇ ਇਸ ਮੌਕੇ ਆਪਣੇ ਦੂਸਰੇ ਨਾਅਰੇ ‘ਚ ਕਿਹਾ ਜਿੱਥੇ ਵੀ ਜਾਵਾਗਾਂ ਕਿਸਾਨਾਂ ਨਾਲ ਖੜਾਗਾਂ।