kangana Ranaut FIR News: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਇਕ ਟਵੀਟ ਵਿੱਚ ਕਿਸਾਨ ਅੰਦੋਲਨ ਤਹਿਤ ਦਿੱਲੀ ਪੁੱਜੀ ਪੰਜਾਬ ਦੀ ਇਕ ਬਜ਼ੁਰਗ ਔਰਤ ਬਾਰੇ ਕਿਹਾ ਸੀ ਕਿ ਇਹ ਲੋਕ 100 ਰੁਪਏ ਦਿਹਾੜੀ ’ਤੇ ਇੱਥੇ ਆਏ ਹਨ। ਇਸ ਦੇ ਨਾਲ ਹੀ ਉਸਨੇ ਬਜ਼ੁਰਗ ਪੰਜਾਬੀ ਔਰਤ ਨੂੰ ਸ਼ਾਹੀਨ ਬਾਗ ਧਰਨੇ ਵਿੱਚ ਸ਼ਾਮਿਲ ਬਿਲਕਿਸ ਬਾਨੋ ਦੱਸਦਿਆਂ ਇਕ ਤਰ੍ਹਾਂ ਉਸਦੇ ਇਸ ਅੰਦੋਲਨ ਵਿੱਚ ਆਉਣ ਦਾ ਮਖ਼ੌਲ ਉਡਾਇਆ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਕਮੇਟੀ ਵੱਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਯਤਨ ਕਰਨ ਲਈ ਕੱਲ ਫਿਲਮੀ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ ਕੇਸ ਦਰਜ ਕਰਵਾਇਆ ਜਾਵੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਕੰਗਣਾ ਰਣੌਤ ਨੇ ਇਕ ਵਾਰ ਫਿਰ ਤੋਂ ਕਿਸਾਨੀ ਅੰਦੋਲਨ ਨੂੰ ਖਾਲਿਸਤਾਨੀ ਕਰਾਰ ਦੇ ਕੇ ਇਸਨੂੰ ਬਦਨਾਮ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਉਸਦਾ ਮਕਸਦ ਲੋਕਾਂ ਨੂੰ ਇਸ ਅੰਦੋਲਨ ਖਿਲਾਫ ਭੜਕਾਉਣਾ ਹੈ ਅਤੇ ਉਹ ਲੋਕਾਂ ਵਿਚ ਇਸ ਅੰਦੋਲਨ ਪ੍ਰਤੀ ਨਫਰਤ ਪੈਦਾ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਯਤਨ, ਨਫਰਤ ਦੇ ਬੀਜ ਬੀਜਣ, ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦਾ ਯਤਨ ਕਰਨ ਅਤੇ ਸਾਨੂੰ ਦੇਸ਼ ਵਿਰੋਧੀ ਕਰਾਰ ਦੇਣ ਲਈ ਕੰਗਣਾ ਰਣੌਤ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਕੱਲ ਦਿੱਲੀ ਗੁਰਦੁਆਰਾ ਕਮੇਟੀ ਫਿਲਮੀ ਅਦਾਕਾਰਾ ਦੇ ਖਿਲਾਫ ਫੌਜਦਾਰੀ ਕੇਸ/ਐਫ ਆਈ ਆਰ ਦਰਜ ਕਰਵਾਏਗੀ। ਉਹਨਾਂ ਕਿਹਾ ਕਿ ਪੁਲਿਸ ਨੂੰ ਉਸਦੇ ਖਿਲਾਫ ਕੇਸ ਦਰਜ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਫਰਤ ਫੈਲਾਉਣ ਲਈ ਅਸੀਂ ਉਸਨੂੰ ਸਬਕ ਸਿਖਾਵਾਂਗੇ। ਸ੍ਰੀ ਸਿਰਸਾ ਨੇ ਟਵੀਟਰ ਇੰਡੀਆ ਅਤੇ ਐਡੀਟਰਜ਼ ਗਿਲਡ ਨੂੰ ਵੀ ਅਪੀਲ ਕੀਤੀ ਕਿ ਉਹ ਕੰਗਣਾ ਦੀ ਮੰਦੀ ਭਾਸ਼ਾ ਦਾ ਨੋਟਿਸ ਲੈਣ ਅਤੇ ਕਿਹਾ ਕਿ ਉਹ ਖਾਲਸਤਾਨੀ ਤੇ ਦੇਸ਼ ਵਿਰੋਧੀ ਵਰਗੇ ਸ਼ਬਦਾਂ ਦੀ ਵਰਤੋਂ ਨਾਲ ਇਕ ਸੋਚੀ ਸਮਝੀ ਸਾਜ਼ਿਸ਼ ਅਧੀਨ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਅਤੇ ਇਸਦੇ ਖਿਲਾਫ ਨਫਰਤ ਫੈਲਾਉਣ ਦਾ ਯਤਨ ਕਰ ਰਹੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਦੇ ਨਾਲ ਹੀ ਕੰਗਨਾ ਰਣੌਤ ਵੱਲੋਂ ਪੰਜਾਬ ਦੀ ਇਕ ਬਜ਼ੁਰਗ ਔਰਤ ਦਾ ਅਪਮਾਨ ਕਰਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਨਾ ਰਣੋਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਕਿਹਾ ਹੈ ਕਿ ਉਹ ਇਸ ਗ਼ਲਤੀ ਲਈ ਮੁਆਫ਼ੀ ਮੰਗੇ ਨਹੀਂ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।