mankirt aulakh Birthday Gift: ਪੰਜਾਬੀ ਗਾਇਕ ਮਨਕਿਰਤ ਔਲਖ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਨੇ ਆਪਣੇ ਜਨਮ ਦਿਨ ਤੇ ਫੈਨਜ਼ ਨੂੰ ਕੁਝ ਖਾਸ ਤੋਹਫਾ ਦਿੱਤਾ ਹੈ। ਦਰਅਸਲ ਮਨਕਿਰਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਆਪਣੇ ਨਵੇਂ ਗੀਤ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਉਨ੍ਹਾਂ ਨੇ ਟ੍ਰੇਲਰ ਸਾਂਝਾ ਕਰਦੇ ਹੋਏ ਲਿਖਿਆ ਕਿ Birthday Gift for my Listeners Bhabhi Teaser. ਇਸ ਟੀਜ਼ਰ ਨੂੰ ਫੈਨਜ਼ ਵੱਲੋ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਇਸੇ ਦੇ ਨਾਲ ਤੁਹਾਨੂੰ ਦੱਸ ਦੇਈਏ ਕਿਸਾਨ ਇਸ ਸਮੇਂ ਆਪਣੇ ਹੱਕਾਂ ਦੀ ਲੜਾਈ ਲਈ ਸੜਕਾਂ ਅਤੇ ਰੇਲਵੇ ਲਾਇਨਾਂ ਉੱਤੇ ਬੈਠ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਹ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੋਵੇਗਾ ਕਿ ਕਿਸੇ ਸੰਘਰਸ਼ ਵਿਚ ਕਲਾਕਾਰਾਂ ਵੱਲੋਂ ਵੀ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ।
ਬੀਤੇ ਦਿਨੀਂ ਬਠਿੰਡਾ ਦੇ ਗੋਨਿਆਣੇ ਮੰਡੀ ਵਿਚ ਕਲਾਕਾਰਾਂ ਨੇ ਵੱਡਾ ਇੱਕਠ ਕੀਤਾ ਅਤੇ ਇਸ ਬਿੱਲ ਖ਼ਿਲਾਫ਼ ਆਪਣਾ ਵਿਰੋਧ ਜਤਾਇਆ। ‘ਜੈ ਜਵਾਨ, ਜੈ ਕਿਸਾਨ’ ਨਾਂ ਦੇ ਇਸ ਧਰਨੇ ਦੀ ਅਗਵਾਈ ਖ਼ੁਦ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਕੀਤੀ। ਇੰਨੇ ਇੱਕਠ ਦੇ ਬਾਵਜੂਦ ਨੈਸ਼ਨਲ ਮੀਡੀਆ ਨੇ ਇਸ ਧਰਨੇ ਦੀ ਕਵਰੇਜ਼ ਨਹੀਂ ਕੀਤੀ, ਜਿਸ ਨੂੰ ਲੈ ਕੇ ਬਹੁਤ ਸਾਰੇ ਕਲਾਕਾਰਾਂ ਨੇ ਇਤਰਾਜ਼ ਵੀ ਜਤਾਇਆ ਹੈ। ਪੰਜਾਬੀ ਪ੍ਰਸਿੱਧ ਗਾਇਕ ਮਨਕਿਰਤ ਔਲਖ ਨੇ ਇਸ ਸਬੰਧ ਵਿਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਹਰ ਬੰਦੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਪਲੇਟ ਫਾਰਮਾਂ ਉੱਤੇ ਕਿਸਾਨਾਂ ਦੇ ਹੱਕ ਵਿਚ ਪੋਸਟਾਂ ਪਾਉਣ ਤਾਂ ਜੋ ਨੈਸ਼ਨਲ ਮੀਡੀਆ ਵੀ ਕਿਸਾਨਾਂ ਦੀ ਕਵਰੇਜ਼ ਦਿਖਾਉਣ ਲਈ ਮਜ਼ਬੂਰ ਹੋ ਜਾਵੇ। ਇਸ ਤੋਂ ਇਲਾਵਾ ਮਨਕਿਰਤ ਔਲਖ ਨੇ ਕਿਹਾ ਸੋਸ਼ਲ ਮੀਡੀਆ ਦੀ ਪਹੁੰਚ ਬਹੁਤ ਦੂਰ ਤੱਕ ਹੁੰਦੀ ਹੈ। ਇਸ ਲਈ ਹਰ ਬੰਦੇ ਨੂੰ ਹਰ ਰੋਜ਼ ਕਿਸਾਨਾਂ ਦੇ ਹੱਕ ਵਿਚ ਇਕ ਪੋਸਟ ਪਾਉਣੀ ਚਾਹੀਦੀ ਹੈ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਇਹ ਬਿੱਲ ਵਾਪਸ ਲੈਣ ਲਈ ਮਜ਼ਬੂਰ ਹੋ ਜਾਵੇ।
ਦੱਸਣਯੋਗ ਹੈ ਕਿ ਬੀਤੇ 2 ਦਿਨ ਪਹਿਲਾਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਕਲਾਕਾਰ ਭਾਈਚਾਰੇ ਨਾਲ ਸੱਦੀ ਮੀਟਿੰਗ ਵਿਚ ਇਕ ਸਾਂਝੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਵਿਚ 7 ਕਲਾਕਾਰ ਹੋਣਗੇ ਅਤੇ 7 ਹੀ ਕਿਸਾਨ ਨੁਮਾਇੰਦੇ ਹੋਣਗੇ।