ਚੰਡੀਗੜ੍ਹ: ਪੰਜਾਬ ‘ਚ ਕਾਮੇਡੀ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ ਤੇ ਇਸ ਦੌਰਾਨ ਟੀਜੀਐਮ ਪ੍ਰੋਡਕਸ਼ਨ ਲੈ ਕੇ ਆ ਰਹੇ ਨੇ ਇਸ ਸਾਲ ਦੀ ਸਿਨੇਮਾਘਰਾਂ ਵਿੱਚ ਹਿੱਟ ਹੋਣ ਵਾਲੀ ਫਿਲਮ ‘ਮੀਆਂ ਬੀਵੀ ਰਾਜ਼ੀ ਕੀ ਕਰਨਗੇ ਭਾਜੀ’। ਨਿਰਮਾਤਾਵਾਂ ਵੱਲੋਂ ਫਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 29 ਨਵੰਬਰ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਫਿਲਮ ਹੈਰੀ ਦੁਆਰਾ ਲਿਖੀ ਗਈ ਹੈ ਅਤੇ ਮਹਿਤਾ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਇਹ ਫਿਲਮ ਬਹੁਤ ਜ਼ਿਆਦਾ ਉਡੀਕੀ ਜਾਣ ਵਾਲੀ ਰੋਮਾਂਟਿਕ ਕਾਮੇਡੀ ਡਰਾਮਾ ਹੈ ਜੋ ਕਿ ਡਾ. ਅਨਿਲ ਕੇ ਮਹਿਤਾ ਵੱਲੋਂ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ। ‘ਮੀਆਂ ਬੀਵੀ ਰਾਜ਼ੀ ਕੀ ਕਰਨਗੇ ਭਾਜੀ’ ਇੱਕ ਪਰਿਵਾਰਕ ਮਨੋਰੰਜਨ ਫਿਲਮ ਹੈ ਜਿਸ ਵਿੱਚ ਰੋਮਾਂਸ, ਕਾਮੇਡੀ, ਅਤੇ ਡਰਾਮੇ ਦਾ ਇੱਕ ਮਜ਼ੇਦਾਰ ਮਿਸ਼ਰਣ ਹੈ ਤੇ ਇਹ ਫਿਲਮ ਦਰਸ਼ਕਾਂ ਲਈ ਇੱਕ ਹਾਸੇ ਦੀ ਦਵਾ ਸਾਬਿਤ ਹੋਵੇਗੀ।
ਫਿਲਮ ਵਿੱਚ ਯੁਵਰਾਜ ਹੰਸ ‘ਭੋਲਾ ਸਿੰਘ’ ਅਤੇ ਸ਼ਹਿਨਾਜ਼ ਸਹਿਰ ‘ਸਿਮਰਨ ਨਾਗਰਥ’ ਦੀਆਂ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਭੋਲਾ ਸਿੰਘ ਇੱਕ ਸਧਾਰਨ ਪਿੰਡ ਦਾ ਮੁੰਡਾ ਹੈ, ਜੋ ਆਪਣੀ ਬੂਆ ‘ਜੈਸੀ’ ਨਾਲ ਰਹਿੰਦਾ ਹੈ, ਜਿਸਦੀ ਪੜ੍ਹਾਈ ਲਈ ਮੁੰਬਈ ਦੀ ਯਾਤਰਾ ਉਸ ਨੂੰ ‘ਸਿਮਰਨ’ ਨਾਲ ਮਿਲਾਉਂਦੀ ਹੈ ਜਿਸ ਨਾਲ ਭੋਲੇ ਨੂੰ ਪਿਆਰ ਹੋ ਜਾਂਦਾ ਹੈ ਪਰ ਸਿਮਰਨ ਦੇ ਚਾਚਾ ਜੈਦੀਪ ਨੇ ਉਸਦੇ ਲਈ ਕੋਈ ਹੋਰ ਮੁੰਡਾ ਲੱਭਿਆ ਹੁੰਦਾ ਹੈ, ਜੋ ਉਸਦੇ ਕਾਰੋਬਾਰੀ ਭਾਈਵਾਲ ਦਾ ਪੁੱਤਰ ਹੁੰਦਾ ਹੈ।
ਹਾਲਾਤ ਉਦੋਂ ਬਦਲ ਜਾਂਦੇ ਹਨ ਜਦੋਂ ਜੈਦੀਪ ਦਾ ਕਾਰੋਬਾਰੀ ਭਾਈਵਾਲ ਉਸ ਤੋਂ ਧੋਖੇ ਨਾਲ ਇੱਕ ਫਰਜ਼ੀ ਦਸਤਾਵੇਜ਼ ‘ਤੇ ਦਸਤਖਤ ਕਰਵਾ ਲੈਂਦਾ ਹੈ, ਜਿਸ ਨਾਲ ਉਹ ਉਸਨੂੰ ਬਾਅਦ ਵਿੱਚ ਬਲੈਕਮੇਲ ਕਰਦਾ ਹੈ ਅਤੇ ਜ਼ਬਰਦਸਤੀ ਰਿਸ਼ਤੇ ਲਈ ਹਾਮੀ ਭਰਵਾਂ ਲੈਂਦਾ ਹੈ।
ਇਸੇ ਦੌਰਾਨ, ਭੋਲਾ ਸਿਮਰਨ ਦੇ ਚਾਚਾ ਜੈਦੀਪ ਅਤੇ ਉਸਦੀ ਬੂਆ ਜੈਸੀ ਵਿਚਕਾਰ ਲੰਬੇ ਸਮੇਂ ਤੋਂ ਗੁੰਮ ਹੋਈ ਪ੍ਰੇਮ ਕਹਾਣੀ ਨੂੰ ਉਜਾਗਰ ਕਰਦਾ ਹੈ। ਇਕੱਠੇ, ਭੋਲਾ ਅਤੇ ਸਿਮਰਨ ਇੱਕ ਸਹੁੰ ਖਾਂਦੇ ਹਨ ਕਿ ਉਹਨਾਂ ਦਾ ਵਿਆਹ ਤਾਂ ਹੀ ਹੋ ਸਕਦਾ ਹੈ ਜੇਕਰ ਜੈਦੀਪ ਤੇ ਜੈਸੀ ਦਾ ਵਿਆਹ ਨਹੀਂ ਹੁੰਦਾ। ਹੁਣ ਸਵਾਲ ਇਹ ਹੈ ਕਿ ਕੀ ਭੋਲਾ ਅਤੇ ਸਿਮਰਨ ਜੈਦੀਪ ਅਤੇ ਜੈਸੀ ਨੂੰ ਦੁਬਾਰਾ ਇਕੱਠੇ ਲਿਆਉਣ ਵਿਚ ਸਫਲ ਹੋਣਗੇ, ਅਤੇ ਕੀ ਉਹ ਅੰਤ ਵਿਚ ਆਪ ਇਕਜੁੱਟ ਹੋ ਸਕਣਗੇ? ਇਨ੍ਹਾਂ ਸਵਾਲਾਂ ਦਾ ਜਵਾਬ ਉਦੋਂ ਮਿਲੇਗਾ ਜਦੋਂ ‘ਮੀਆਂ ਬੀਵੀ ਰਾਜ਼ੀ ਕੀ ਕਰਨਗੇ ਭਾਜੀ’ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
ਇਸ ਰੋਮਾਂਚਕ ਸਫ਼ਰ ਵਿੱਚ ਯੁਵਰਾਜ ਹੰਸ ਅਤੇ ਸ਼ਹਿਨਾਜ਼ ਸਹਿਰ ਦੇ ਨਾਲ ਡਾ. ਅਨਿਲ ਕੇ ਮਹਿਤਾ, ਸਨੇਹ ਮਹਿਤਾ, ਪਰਮਵੀਰ ਸਿੰਘ, ਦੀਪਕ ਰਾਜਾ, ਹਰਪ੍ਰੀਤ ਕੌਰ, ਸੰਨੀ ਮਹਿਤਾ, ਦਿਨੇਸ਼ ਕੁਮਾਰ, ਕੇਕੇ ਟੰਡਨ, ਬਨਵਾਰੀ ਲਾਲ ਝੋਲ, ਅਨੁਪਮ ਖੁਰਾਣਾ, ਭਰਤ ਨੇਗੀ, ਸੋਫੀਆ ਦੂਨ, ਕਰਨ ਬਿੱਟੂ, ਸ਼ੁਬਰਤੋ ਸਰਕਾਰ, ਅਤੇ ਰਿਚਾ ਤਿਵਾਰੀ ਵੀ ਸ਼ਾਮਲ ਹਨ।
ਇਹ ਰੋਮਾਂਟਿਕ ਕਾਮੇਡੀ ਆਪਣੇ ਮਜ਼ੇਦਾਰ ਕਹਾਣੀ ਅਤੇ ਹਾਸੇ-ਮਜ਼ਾਕ ਵਾਲੇ ਪਲਾਟ ਟਵਿਸਟ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਛੂਹਣ ਦਾ ਵਾਅਦਾ ਕਰਦੀ ਹੈ। ਯੁਵਰਾਜ ਹੰਸ ਅਤੇ ਸ਼ਹਿਨਾਜ਼ ਸਹਿਰ ਦੀ ਕੈਮਿਸਟਰੀ ਵੀ ਇਸ ਕਹਾਣੀ ਨਾਲ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ।
ਵੀਡੀਓ ਲਈ ਕਲਿੱਕ ਕਰੋ -: