pollywood post diljaan death: ਪੰਜਾਬੀ ਸੰਗੀਤ ਜਗਤ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਮਸ਼ਹੂਰ ਪੰਜਾਬੀ ਗਾਇਕ ਦਿਲਜਾਨ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਮੰਗਲਵਾਰ ਤੜਕੇ 3.45 ਵਜੇ ਵਾਪਰਿਆ। ਦਿਲਜਾਨ ਦੇਰ ਰਾਤ ਆਪਣੀ ਕਾਰ ਵਿਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਿਹਾ ਸੀ ਅਤੇ ਇਸ ਦੌਰਾਨ ਜੰਡਿਆਲਾ ਗੁਰੂ ਕੋਲ ਇਕ ਹਾਦਸਾ ਵਾਪਰ ਗਿਆ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਿਲਜਾਨ ਦੀ ਮੌਤ ਦੀ ਖ਼ਬਰ ਜਿਵੇਂ ਹੀ ਸਾਹਮਣੇ ਆਈ ਤਾਂ ਪੂਰਾ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬੀ ਕਲਾਕਾਰਾਂ ਨੇ ਦਿਲਜਾਨ ਦੀ ਮੌਤ ਦੀ ਖ਼ਬਰ ’ਤੇ ਸੋਸ਼ਲ ਮੀਡੀਆ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮਾਸ਼ਾ ਅਲੀ ਨੇ ਲਿਖਿਆ,
ਅੱਜ ਮੇਰੇ ਕੋਲ ਲਿਖਣ ਲਈ ਕੋਈ ਸ਼ਬਦ ਨਹੀਂ …
“ਦਿਲਜਾਨ” ਅਲਵਿਦਾ ਮੇਰੇ ਦੋਸਤਾ ਤੂੰ ਹਮੇਸ਼ਾ ਸਾਡੇ ਦਿਲਾਂ ਵਿੱਚ ਰਵੇਗਾਂ
ਉਥੇ ਮਾਸਟਰ ਸਲੀਮ ਨੇ ਲਿਖਿਆ, ‘ਮੈਨੂੰ ਸਮਝ ਨਹੀਂ ਆ ਰਿਹਾ ਕੀ ਕਹਾਂ। ਕੱਲ ਦਾ ਛੋਟਾ ਜਿਹਾ ਬੱਚਾ ਮੇਰੇ ਸਾਹਮਣੇ ਜਵਾਨ ਹੋਇਆ, ਬਹੁਤ ਚੰਗਾ ਮੁਕਾਮ ਬਣਾਇਆ ਪੰਜਾਬੀ ਗਾਇਕੀ ’ਚ। ਬਹੁਤ ਜ਼ਿਆਦਾ ਧੱਕਾ ਲੱਗਾ ਹੈ ਮਨ ਨੂੰ। ਪ੍ਰਮਾਤਮਾ ਦਿਲਜਾਨ ਨੂੰ ਆਪਣੇ ਚਰਨਾਂ ਨਾਲ ਲਾਵੇ।’
ਸਵੇਰੇ-ਸਵੇਰੇ ਮਿਲੀ ਇਸ ਦੁਖਦਾਈ ਖ਼ਬਰ ਨੂੰ ਸੁਣ ਗਾਇਕ ਸੁਖਸ਼ਿੰਦਰ ਸ਼ਿੰਦਾ ਦਾ ਵੀ ਮਨ ਭਰ ਆਇਆ। ਉਨ੍ਹਾਂ ਲਿਖਿਆ, ‘ਸਵੇਰੇ-ਸਵੇਰੇ ਇਹ ਮੰਦਭਾਗੀ ਖ਼ਬਰ ਮਿਲ ਗਈ, ਸੰਗੀਤ ਜਗਤ ਨੂੰ ਪੈ ਗਿਆ ਘਾਟਾ, ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਕ ਹੋਰ ਸੁਰੀਲਾ ਗਾਇਕ, ਦਿਲਜਾਨ ਵੀਰ ਅਲਵਿਦਾ ਆਖ ਗਿਆ। ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ।’
ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਨੇ ਲਿਖਿਆ, ‘ਮੇਰੇ ਕੋਲ ਆਪਣਾ ਦਰਦ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਮੇਰੇ ਸਾਹਮਣੇ ਜਵਾਨ ਹੋਇਆ ਬੱਚਾ, ਸਾਰੀ ਦੁਨੀਆ ’ਚ ਨਾਂ ਕਮਾਇਆ। ਅਚਾਨਕ ਸਾਨੂੰ ਛੱਡ ਕੇ ਤੁਰ ਗਿਆ। ਵਾਹਿਗੁਰੂ ਇਸ ਸੁਰੀਲੀ ਰੂਹ ਨੂੰ ਆਪਣੇ ਚਰਨਾਂ ਨਾਲ ਲਗਾ ਕੇ ਰੱਖਣ।’