ਮਸ਼ਹੂਰ ਸ਼ਾਇਰ, ਲੇਖਕ ਤੇ ਸਕ੍ਰਿਪਟ ਰਾਈਟਰ ਜਾਵੇਦ ਅਖ਼ਤਰ ਸ਼ਨੀਵਾਰ ਨੂੰ ਗੁਰੂ ਨਗਰੀ ਪਹੁੰਚੇ । ਜਿੱਥੇ ਉਨ੍ਹਾਂ ਨੇ ਨਿੱਜੀ ਸਕੂਲ ਵਿੱਚ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡੀ ਗੱਲ ਕਹੀ । ਉਨ੍ਹਾਂ ਕਿਹਾ ਕਿ ਜਿਹੜੇ ਇਨਸਾਨ ਸੱਚ ਬੋਲਦੇ ਹਨ, ਉਨ੍ਹਾਂ ਨਾਲ ਅਕਸਰ ਹੀ ਅਜਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਹਮੇਸ਼ਾਂ ਸੱਚ ਬੋਲਿਆ ਸੀ ਅਤੇ ਸੱਚ ਬੋਲਣ ਵਾਲੇ ਨੂੰ ਸਮਾਜ ਪਸੰਦ ਨਹੀਂ ਕਰਦਾ । ਉਨ੍ਹਾਂ ਕਿਹਾ ਕਿ ਉਹ ਸਿੱਧੂ ਤੇ ਉਨ੍ਹਾਂ ਦੇ ਪਰਿਵਾਰ ਨੂੰ ਪ੍ਰਣਾਮ ਕਰਦੇ ਹਨ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਦੇ ਹਨ ।
ਜ਼ਿਕਰਯੋਗ ਹੈ ਕਿ ਜਾਵੇਦ ਅਖ਼ਤਰ ਆਪਣੇ ‘ਤੇ ਕਿਤਾਬ ਲਿਖਣ ਵਾਲੀ ਲੇਖਿਕਾ ਬੇਗਮ ਮੁਨੀ ਅਖ਼ਤਰ ਨਾਲ ਅੰਮ੍ਰਿਤਸਰ ਪਹੁੰਚੇ ਸਨ, ਜਿੱਥੇ ਬੇਗਮ ਮੁਨੀ ਵੱਲੋਂ ਲਿਖੀ ਗਈ ਕਿਤਾਬ ਜਿਸ ਵਿਚ ਜਾਵੇਦ ਅਖ਼ਤਰ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਬਾਇਓਗ੍ਰਾਫੀ ਹੈ, ਉਹ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਜਾਵੇਦ ਅਖ਼ਤਰ ਨੇ ਦੱਸਿਆ ਕਿ ਇਹ ਕਿਤਾਬ ਉਨ੍ਹਾਂ ਦੇ ਜੀਵਨ ਦੇ ਬਹੁਤ ਨਜ਼ਦੀਕੀ ਪਲਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਅਜੋਕੀ ਨੌਜਵਾਨ ਪੀੜ੍ਹੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅੱਜ ਕਲ੍ਹ ਦੀ ਪੀੜ੍ਹੀ ਪੁਰਾਣੀ ਪੀੜ੍ਹੀ ਦੀ ਤਰ੍ਹਾਂ ਗੱਲ ਨੂੰ ਘੁਮਾ-ਫਿਰਾ ਕੇ ਕਹਿਣ ਦੀ ਬਜਾਏ ਸਿੱਧੀ ਗੱਲ ਕਰਦੀ ਹੈ । ਉਨ੍ਹਾਂ ਦੇ ਮੁਤਾਬਕ ਅੱਜ ਦੀ ਪੀੜ੍ਹੀ ਪਿਛਲੀਆਂ ਪੀੜ੍ਹੀਆਂ ਤੋਂ ਕਾਫੀ ਸਮਝਦਾਰ ਵੀ ਹੈ।
ਇਹ ਵੀ ਪੜ੍ਹੋ: ਇੱਕ ਫ਼ਰਵਰੀ ਤੋਂ ਸ਼ੁਰੂ ਹੋਵੇਗੀ ਕਣਕ ਦੀ ਵਿਕਰੀ, OMSC ਨੂੰ ਮਿਲੀ ਮਨਜ਼ੂਰੀ, ਘਟਣਗੇ ਆਟੇ ਦੇ ਰੇਟ
ਇਸ ਦੌਰਾਨ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸ਼ਾਇਰ ਅਤੇ ਲੇਖਕ ਬਣਨਾ ਚਾਹੀਦਾ ਹੈ। ਜਿਸ ਲਈ ਸਭ ਤੋਂ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਪੜ੍ਹਾਈ ਕੀਤੀ ਜਾਵੇ ਅਤੇ ਲੇਖਕ ਬਣਨ ਦੀ ਕਾਹਲੀ ਨਾ ਕੀਤੀ ਜਾਵੇ । ਇਸ ਤੋਂ ਇਲਾਵਾ ਉਰਦੂ ਜ਼ੁਬਾਨ ਬਾਰੇ ਗੱਲ ਕਰਦਿਆਂ ਜਾਵੇਦ ਨੇ ਕਿਹਾ ਉਰਦੂ ਜ਼ੁਬਾਨ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਦੀ ਆਪਣੀ ਭਾਸ਼ਾ ਹੈ, ਇਸ ਕਰਕੇ ਨਵੀਂ ਪੀੜ੍ਹੀ ਨੂੰ ਉਰਦੂ ਵੀ ਸਿੱਖਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: