Jodi Film Released India: ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ ਫਿਲਮ ‘ਜੋੜੀ’ ਅੱਜ ਯਾਨੀ 5 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਸੀ। ਪਰ ਅਦਾਲਤ ਨੇ ਬੀਤੇ ਦਿਨ ਇਸ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ, ਜਿਸ ਕਾਰਨ ਦਿਲਜੀਤ ਦੇ ਪ੍ਰਸ਼ੰਸਕ ਕਾਫੀ ਦੁਖੀ ਹੋ ਗਏ। ‘ਜੋੜੀ’ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਦੂਜੀ ਪਤਨੀ ਅਮਰਜੋਤ ਕੌਰ ਦੀ ਜ਼ਿੰਦਗੀ ‘ਤੇ ਬਣੀ ਬਾਇਓਪਿਕ ਹੈ।
ਇਸ ਦੇ ਨਾਲ ਹੀ ਹੁਣ ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੇ ਫੈਨਜ਼ ਲਈ ਬਹੁਤ ਵੱਡੀ ਖੁਸ਼ਖਬਰੀ ਹੈ। ਦੋਵਾਂ ਦੀ ਫਿਲਮ ‘ਜੋੜੀ’ ਭਾਰਤ ਵਿੱਚ ਆਖਰਕਾਰ ਰਿਲੀਜ਼ ਹੋ ਗਈ ਹੈ। ਫਿਲਮ ਦੀਆਂ ਟਿਕਟਾਂ ਹੁਣ ਆਨਲਾਈਨ ਵੀ ਬੁੱਕ ਕੀਤੀਆਂ ਜਾ ਸਕਦੀਆਂ ਹਨ। ਇਸ ਬਾਰੇ ਫਿਲਮ ਦੇ ਮੁੱਖ ਕਲਾਕਾਰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ, ‘ਪਹਿਲਾਂ ਕੁੱਝ ਮੁਸ਼ਕਲਾਂ ਕਰਕੇ, ‘ਜੋੜੀ’ ਫਿਲਮ ਦੇ ਸਵੇਰੇ ਦੇ ਸ਼ੋਅਜ਼ ਸਿਨੇਮਾਘਰਾਂ ‘ਚ ਰਿਲੀਜ਼ ਨਹੀਂ ਹੋ ਸਕੇ ਸੀ। ਪਰ ਹੁਣ ਇਸ ਸਮੱਸਿਆ ਦਾ ਹੱਲ ਹੋ ਗਿਆ ਹੈ। ਸਾਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ‘ਜੋੜੀ’ ਫਿਲਮ ਲਈ ਹੁਣ ਤੁਸੀਂ ਆਪਣੀਆਂ ਟਿਕਟਾਂ ਜਲਦ ਹੀ ਬੁੱਕ ਕਰ ਸਕੋਗੇ। ਜੋੜੀ ਫਿਲਮ ਦੇਖਣ ਲਈ ਆਪਣੇ ਨਜ਼ਦੀਕੀ ਸਿਨੇਮਾਘਰਾਂ ‘ਚ ਪਹੁੰਚੋ।
ਕਾਬਿਲੇਗੌਰ ਹੈ ਕਿ ਚਮਕੀਲੇ ਦੀ ਜ਼ਿੰਦਗੀ ‘ਤੇ ਫਿਲਮਾਂ ਬਣਾਉਣ ਲਈ ਕਾਪਰਾਈਟ ਅਧਿਕਾਰ ਉਸ ਦੇ ਪਰਿਵਾਰ ਕੋਲ ਹਨ। ਇਸੇ ਦੇ ਚੱਲਦਿਆਂ ਦਿਲਜੀਤ ਦੋਸਾਂਝ-ਪਰਿਣੀਤੀ ਚੋਪੜਾ ਸਟਾਰਰ ‘ਚਮਕੀਲਾ’ ਦੀ ਬਾਇਓਪਿਕ ਦੀ ਰਿਲੀਜ਼ ‘ਤੇ ਵੀ ਰੋਕ ਲੱਗੀ ਹੋਈ ਹੈ। ਇਸੇ ਕਾਰਨ ਕਰਕੇ ‘ਜੋੜੀ’ ਫਿਲਮ ‘ਤੇ ਵੀ ਰੋਕ ਲੱਗੀ ਸੀ। ਕਿਉਂਕਿ ਇਸ ਫਿਲਮ ਦੀ ਪੂਰੀ ਕਹਾਣੀ ਚਮਕੀਲਾ-ਅਮਰਜੋਤ ਦੀ ਪ੍ਰੇਮ ਕਹਾਣੀ ਦੇ ਆਲੇ ਦੁਆਲੇ ਘੁੰਮਦੀ ਹੈ। ਕੋਰਟ ਨੇ ਦਿਲਜੀਤ ਦੀਆਂ ਦੋਵੇਂ ਫਿਲਮਾਂ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਸੀ। ਪਰ ਹੁਣ ‘ਜੋੜੀ’ ਫਿਲਮ ਫਾਈਨਲੀ ਇੰਡੀਆ ‘ਚ ਵੀ ਰਿਲੀਜ਼ ਹੋ ਗਈ ਹੈ। ਇਸ ਬਾਰੇ ਨਿਮਰਤ ਖਹਿਰਾ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਖੁਸ਼ੀ ਜ਼ਾਹਰ ਕੀਤੀ ਹੈ।