yograj Singh latest update: ਮੋਦੀ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਕਿਸਾਨਾਂ ਦਾ ਵਿਰੋਧ ਸਿਖਰਾਂ ਤੇ ਹੈ। ਮੋਦੀ ਸਰਕਾਰ ਦੁਆਰਾ ਪਾਸ ਕੀਤੇ ਕਾਨੂੰਨਾਂ ਵਿਰੁੱਧ ਜਿੱਥੇ ਕਿਸਾਨ ਰੇਲਵੇ ਲਾਈਨਾਂ ਤੇ ਬੈਠੇ ਹਨ ਉੱਥੇ ਹੀ ਪੰਜਾਬ ਵਿੱਚ ਰਿਲਾਇੰਸ ਦੇ ਪੈਟਰੋਲ ਪੰਪ, ਸ਼ਾਪਿੰਗ ਮਾਲ, ਅਤੇ ਟੋਲ ਪਲਾਜੇ ਵੀ ਕਿਸਾਨਾਂ ਵੱਲੋਂ ਸੰਪੂਰਨ ਤੌਰ ਤੇ ਬੰਦ ਕਰ ਕੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਰਿਹਾ ਹੈ, ਨਾਲ ਹੀ ਕਿਸਾਨਾਂ ਵੱਲੋਂ ਬਾਹਰਲੇ ਸੂਬਿਆਂ ਵਿੱਚੋਂ ਆਉਣ ਵਾਲੇ ਝੋਨੇ ਦੇ ਟਰੱਕਾਂ ਦੀ ਵੀ ਘੇਰਾਬੰਦੀ ਕੀਤੀ ਜਾ ਰਹੀ ਹੈ।
ਅੱਜ 22ਵੇ ਦਿਨ ਤੋਂ ਕਿਸਾਨ ਯੂਨੀਅਨ ਦੁਆਰਾ ਫਾਜਿਲਕਾ ਫਿਰੋਜ਼ਪੁਰ ਰੋੜ ਪਿੰਡ ਥੇਹਕਲੰਦਰ ਦੇ ਟੋਲ ਪਲਾਜੇ ਤੇ ਲੱਗੇ ਧਰਨੇ ਪ੍ਰਦਰਸ਼ਨ ਵਿੱਚ ਪ੍ਰਸਿੱਧ ਪੰਜਾਬੀ ਫਿਲਮੀ ਐਕਟਰ ਯੋਗਰਾਜ ਸਿੰਘ ਅਤੇ ਗਾਇਕ ਸੁਰਜੀਤ ਸੰਧੂ, ਸ਼ਿੰਦਾ ਸ਼ੌਕੀ,ਹਰਜੀਤ ਹੀਰਾ, ਸਰੀਫ ਦਿਲਦਾਰ ਗੀਤਕਾਰ ਸਾਹਬ ਫੰਗੋਟਾ, ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਫਿਲਮੀ ਐਕਟਰ ਯੋਗਰਾਜ ਸਿੰਘ ਨੇ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਕਿਸਾਨ ਮਾਰੂ ਕਰਾਰ ਦਿੱਤਾ ਅਤੇ ਕਿਸਾਨਾਂ ਨੂੰ ਮੋਦੀ ਸਰਕਾਰ ਖਿਲਾਫ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਹਨਾਂ ਆਖਿਆ ਕਿ ਪੰਜਾਬ ਦੇਸ਼ਭਗਤਾਂ ਅਤੇ ਸੂਰਮਿਆਂ ਦੀ ਧਰਤੀ ਹੈ ਜਿਸਨੇ ਮਹਾਰਾਜਾ ਰਣਜੀਤ ਸਿੰਘ, ਸ਼ਹੀਦ ਦੀਪ ਸਿੰਘ ਅਤੇ ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਨੂੰ ਜਨਮ ਦਿੱਤਾ ਅਤੇ ਇਹਨਾਂ ਪੰਜਾਬ ਦੇ ਸੂਰਮਿਆਂ ਨੇ ਅਬਦਾਲੀ ਅਤੇ ਔਰੰਗਜ਼ੇਬ ਅਤੇ ਅੰਗਰੇਜ਼ ਹਾਕਮਾਂ ਨੂੰ ਹਰਾ ਕੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।
ਉਹਨਾਂ ਮੋਦੀ ਸਰਕਾਰ ਨੂੰ ਵੰਗਾਰਦਿਆਂ ਆਖਿਆ ਕਿ ਜੇਕਰ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਬੁਰਾ ਚਾਹਿਆ ਤਾਂ ਪੰਜਾਬ ਦੇ ਕਿਸਾਨ ਮੋਦੀ ਸਰਕਾਰ ਨੂੰ ਮੂੰਹ ਤੋੜ ਜੁਆਬ ਦੇਣਗੇ। ਉਹਨਾਂ ਆਖਿਆ ਕਿ ਜਦ ਭਾਰਤ ਅਨਾਜ ਦੀ ਘਾਟ ਕਾਰਨ ਭੁੱਖਮਰੀ ਨਾਲ ਲੜ੍ਹ ਰਿਹਾ ਸੀ ਅਤੇ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾ ਰਿਹਾ ਸੀ ਤਾਂ ਮੌਕੇ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਲਈ ਅਨਾਜ ਪੈਦਾ ਕਰਨ ਦੀ ਦੁਹਾਈ ਪਾਈ ਤਾਂ ਪੰਜਾਬ ਦੇ ਕਿਸਾਨਾਂ ਨੇ ਦਿਨ ਰਾਤ ਮਿਹਨਤ ਕਰਕੇ ਜਮੀਨ ਚੌਂ ਆਨਾਜ ਪੈਦਾ ਕਰਕੇ ਦੇਸ਼ ਦਾ ਢਿੱਡ ਭਰਿਆ। ਉਹਨਾਂ ਆਖਿਆ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜੋ ਦੁਨੀਆਂ ਦਾ ਢਿੱਡ ਭਰ ਸਕਦਾ ਹੈ ਇਸ ਕਰਕੇ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਨੂੰ ਹਥਿਆਉਣ ਲਈ ਕਿਸਾਨ ਮਾਰੂ ਕਾਨੂੰਨ ਬਣਾ ਰਹੀ ਹੈ। ਇਸ ਮੌਕੇ ਉਹਨਾਂ ਘਰਾਂ ਚ ਬੈਠੇ ਕਿਸਾਨਾਂ ਨੂੰ ਧਰਨਿਆਂ ਚ ਪਹੁੰਚਣ ਦੀ ਅਪੀਲ ਕੀਤੀ ਅਤੇ ਮੋਦੀ ਸਰਕਾਰ ਦੇ ਕਾਨੂੰਨ ਰੱਦ ਨਾ ਹੋਣ ਤੱਕ ਡਟੇ ਰਹਿਣ ਲਈ ਪ੍ਰੇਰਿਤ ਕੀਤਾ।