ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇਂ 4 ਮਹੀਨੇ ਹੋ ਗਏ ਹਨ ਪਰ ਫਿਰ ਵੀ ਉਨ੍ਹਾਂ ਦਾ ਨਾਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ । ਬੀਤੇ ਦਿਨੀਂ ਸਿੱਧੂ ਮੂਸੇਵਾਲਾ ਨੂੰ ਯੂਟਿਊਬ ਨੇ ਸਭ ਤੋਂ ਜ਼ਿਆਦਾ ਗਾਣੇ ਚੱਲਣ ਤੇ ਇੱਕ ਕਰੋੜ ਤੋਂ ਉੱਤੇ ਸਬਸਕ੍ਰਾਈਬਰ ਹੋਣ ‘ਤੇ ਸਨਮਾਨ ਵਜੋਂ ‘ਡਾਇਮੰਡ ਪਲੇਅ ਬਟਨ’ ਦਾ ਐਵਾਰਡ ਦਿੱਤਾ ਸੀ। ਸਿੱਧੂ ਇਹ ਉਪਲਬਧੀ ਹਾਸਿਲ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹਨ। ਜਿਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਇਸ ਡਾਇਮੰਡ ਪਲੇਅ ਬਟਨ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ ।
ਦੱਸ ਦੇਈਏ ਕਿ ਇਸ ਤਸਵੀਰ ਵਿੱਚ ਸਿੱਧੂ ਮੂਸੇਵਾਲਾ ਨੂੰ ਮਿਲਿਆ ਡਾਇਮੰਡ ਬਟਨ ਤੇ ਉਨ੍ਹਾਂ ਦੀ ਤਸਵੀਰ ਨਾਲ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਜੀ ਖੜ੍ਹੇ ਹਨ । ਲੋਕਾਂ ਵੱਲੋਂ ਸਿੱਧੂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ-“ਦੁਨੀਆਂ ਤੇ ਚੜ੍ਹਤ ਦੇ ਝੰਡੇ ਝੂਲਦੇ।”
ਗੌਰਤਲਬ ਹੈ ਕਿ ‘ਡਾਇਮੰਡ ਪਲੇਅ ਬਟਨ’ ਇੱਕ ਯੂਟਿਊਬ ਸਿਰਜਣਹਾਰ ਐਵਾਰਡ ਹੈ, ਜੋ ਉਨ੍ਹਾਂ ਚੈਨਲਾਂ ਨੂੰ ਦਿੱਤਾ ਜਾਂਦਾ ਹੈ, ਜੋ ਵੀਡੀਓ ਅਪਲੋਡਿੰਗ ਪਲੇਟਫਾਰਮ ਵੱਲੋਂ 10 ਮਿਲੀਅਨ ਗਾਹਕਾਂ ਤੱਕ ਪਹੁੰਚ ਕਰਦੇ ਹਨ ਜਾਂ ਇਸ ਨੂੰ ਪਾਰ ਕਰਦੇ ਹਨ । ਇਸ ਦਾ ਉਦੇਸ਼ ਇਸ ਦੇ ਸਭ ਤੋਂ ਪ੍ਰਸਿੱਧ ਚੈਨਲਾਂ ਨੂੰ ਪਛਾਣਨਾ ਹੈ। ਸਿੱਧੂ ਮੂਸੇਵਾਲਾ ਦੇ ਯੂਟਿਊਬ ‘ਤੇ 1 ਕਰੋੜ ਤੋਂ ਵੀ ਵੱਧ ਸਬਸਕ੍ਰਾਈਬਰ ਹਨ। ਉਨ੍ਹਾਂ ਨੂੰ ਹਾਲ ਹੀ ਵਿੱਚ ਇਹ ਸਨਮਾਨ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਿੱਧੂ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ, ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: