puaada movie release date: ਪੰਜਾਬੀ ਫਿਲਮ ‘ਪੁਆੜਾ’ ਦਾ ਦਰਸ਼ਕਾਂ ਨੂੰ ਕਾਫੀ ਇੰਤਜ਼ਾਰ ਹੈ। ਕਾਮੇਡੀ ਨਾਲ ਭਰਪੂਰ ਇਹ ਫ਼ਿਲਮ ਦੁਨੀਆ ਭਰ ’ਚ 2 ਅਪ੍ਰੈਲ, 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸਦਾ ਪੋਸਟਰ ਅਤੇ ‘ਟਰੇਲਰ ਵੀ ਸੋਸ਼ਲ ਮੀਡੀਆ ‘ਤੇ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਪੰਜਾਬੀ ਫ਼ਿਲਮ ‘ਪੁਆੜਾ’ ਦਾ ਹਾਲ ਹੀ ’ਚ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋਇਆ ਸੀ। ਰਿਲੀਜ਼ ਹੋਏ ਗੀਤ ਦਾ ਨਾਂ ਹੈ ‘ਆਏ ਹਾਏ ਜੱਟੀਏ’। ਇਹ ਇਕ ਭੰਗੜਾ ਗੀਤ ਹੈ ਤੇ ਗੀਤ ਨੂੰ ਸੁਣ ਕੇ ਤੁਸੀਂ ਵੀ ਭੰਗੜਾ ਪਾਉਣ ’ਤੇ ਮਜਬੂਰ ਹੋ ਜਾਓਗੇ। ਇਸ ਗੀਤ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਮਿੱਠੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਇੰਝ ਲੱਗ ਰਿਹਾ ਹੈ ਜਿਵੇਂ ਗੀਤ ’ਚ ਐਮੀ ਵਿਰਕ ਸੋਨਮ ਬਾਜਵਾ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਗੀਤ ਨੂੰ ਆਵਾਜ਼ ਵੀ ਖ਼ੁਦ ਐਮੀ ਵਿਰਕ ਨੇ ਦਿੱਤੀ ਹੈ, ਜਿਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਸੰਗੀਤ ਵੀ. ਰੈਕਸ ਮਿਊਜ਼ਿਕ ਨੇ ਦਿੱਤਾ ਹੈ। ਯੂਟਿਊਬ ’ਤੇ ਇਹ ਗੀਤ ਜ਼ੀ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।
ਦੱਸ ਦੇਈਏ ਕਿ ਲਗਭਗ ਇਕ ਸਾਲ ਤੋਂ ਵੱਧ ਸਮੇਂ ਬਾਅਦ ਕੋਈ ਪੰਜਾਬੀ ਫ਼ਿਲਮ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ‘ਪੁਆੜਾ’ ਫ਼ਿਲਮ ਦੇ ਟਰੇਲਰ ਨੂੰ ਯੂਟਿਊਬ ’ਤੇ 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਸੰਕੇਤ ਹਨ ਕਿ ਪੰਜਾਬੀ ਦਰਸ਼ਕ ਇਸ ਫ਼ਿਲਮ ਨੂੰ ਸਿਨੇਮਾਘਰਾਂ ’ਚ ਦੇਖਣ ਲਈ ਤਿਆਰ ਹਨ। ਫ਼ਿਲਮ ’ਚ ਐਮੀ ਤੇ ਸੋਨਮ ਤੋਂ ਇਲਾਵਾ ਅਨੀਤਾ ਦੇਵਗਨ, ਹਰਦੀਪ ਗਿੱਲ, ਸੀਮਾ ਕੌਸ਼ਲ, ਸੁਖਵਿੰਦਰ ਸਿੰਘ ਚਾਹਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਧੂ, ਸੁਖਵਿੰਦਰ ਰਾਜ, ਮਿੰਟੂ ਕਾਪਾ ਤੇ ਹਨੀ ਮੱਟੂ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਬਲਵਿੰਦਰ ਸਿੰਘ ਜੰਜੂਆ, ਰੁਪਿੰਦਰ ਚਾਹਲ ਤੇ ਅਨਿਲ ਰੋਧਾਨ ਨੇ ਲਿਖਿਆ ਹੈ, ਜਦਕਿ ਐਡੀਸ਼ਨਲ ਸਕ੍ਰੀਨਪਲੇਅ ਤੇ ਡਾਇਲਾਗਸ ਰਾਕੇਸ਼ ਧਵਨ ਦੇ ਹਨ। ਫ਼ਿਲਮ ਦਾ ਸੰਗੀਤ ਵੀ. ਰੈਕਸ ਮਿਊਜ਼ਿਕ ਨੇ ਤਿਆਰ ਕੀਤਾ ਹੈ ਤੇ ਇਸ ਦੇ ਗੀਤ ਹੈਪੀ ਰਾਏਕੋਟੀ ਤੇ ਹਰਮਨਜੀਤ ਨੇ ਲਿਖੇ ਹਨ।