punjabi singer kisan morcha: ਪੰਜਾਬੀ ਗਾਇਕ ਬੱਬੂ ਮਾਨ, ਜੈਜ਼ੀ ਬੀ, ਕਰਨ ਔਜਲਾ ਸਮੇਤ ਕਈ ਕਲਾਕਾਰ ਕਿਸਾਨ ਅੰਦੋਲਨ ਦਾ ਰੱਜ ਕੇ ਸਮਰਥਨ ਕਰ ਰਹੇ ਹਨ। ਜੈਜ਼ੀ ਬੀ ਕੈਨੇਡਾ ’ਚ ਕਿਸਾਨ ਰੈਲੀਆਂ ’ਚ ਸ਼ਿਰਕਤ ਕਰਕੇ ਪੰਜਾਬ ਦੇ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲੋਕਾਂ ਤਕ ਪਹੁੰਚਾ ਚੁੱਕੇ ਹਨ। ਜੈਜ਼ੀ ਬੀ ਕੈਨੇਡਾ ਤੋਂ ਸਿੱਧਾ ਦਿੱਲੀ ਪਹੁੰਚੇ, ਜਿਥੇ ਉਨ੍ਹਾਂ ਨੇ ਸਟੇਜ ਤੋਂ ਕਿਸਾਨਾਂ ਤੇ ਆਮ ਲੋਕਾਂ ਨੂੰ ਸੰਬੋਧਨ ਕੀਤਾ। ਜੈਜ਼ੀ ਬੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਧਾਈ ਦੀਆਂ ਪਾਤਰ ਹਨ, ਜਿਨ੍ਹਾਂ ਕਰਕੇ ਪੂਰੀ ਦੁਨੀਆ ਦਾ ਹੀਲਾ ਹੋ ਗਿਆ ਹੈ।
ਪੰਜਾਬ ਤੋਂ ਸ਼ੁਰੂ ਹੋਈ ਲੜਾਈ ’ਚ ਹਰਿਆਣਾ ਨੇ ਛੋਟੇ ਭਰਾ ਵਾਂਗ ਸਾਥ ਦਿੱਤਾ ਤੇ ਅੱਜ ਜਿਥੇ ਵੀ ਕਿਸਾਨ ਬੈਠਾ ਹੈ, ਇਸ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ। ਨੌਜਵਾਨੀ ਨੂੰ ਸੰਬੋਧਨ ਕਰਦਿਆਂ ਜੈਜ਼ੀ ਬੀ ਨੇ ਕਿਹਾ, ‘ਗੋਦੀ ਮੀਡੀਆ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੱਸਿਆ ਜਾਂਦਾ ਹੈ ਪਰ ਕਿਸਾਨ ਅੰਦੋਲਨ ਦੌਰਾਨ ਨੌਜਵਾਨਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਨਸ਼ਿਆਂ ਨਾਲ ਨਹੀਂ ਭਰਿਆ। ਕਿਸਾਨ ਅੰਦੋਲਨ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਚੁੱਕਾ ਹੈ। ਜਿਥੇ ਨੌਜਵਾਨੀ ਤੇ ਬਜ਼ੁਰਗ ਜੋਸ਼ ਤੇ ਹੋਸ਼ ਦੋਵਾਂ ਨਾਲ ਕੰਮ ਲੈ ਰਹੇ ਹਨ।’
ਜਿੱਥੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਹਰ ਵਰਗ ਦਾ ਸਾਥ ਮਿਲ ਰਿਹਾ ਹੈ ,ਓਥੇ ਹੀ ਪੰਜਾਬੀ ਕਲਾਕਾਰਾਂ ਵੱਲੋਂ ਵੀ ਵੱਧ ਚੜ ਕੇ ਕਿਸਾਨੀ ਸੰਘਰਸ਼ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬੀ ਕਲਾਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਇਸ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ‘ਚ ਅੱਜ ਪੰਜਾਬੀ ਗਾਇਕ ਬੱਬੂ ਮਾਨ ਵੀ ਕਿਸਾਨ ਅੰਦੋਲਨ ‘ਚ ਪਹੁੰਚੇ ਹਨ। ਇਸ ਦੌਰਾਨ ਬੱਬੂ ਮਾਨ ਨੇ ਲੋਕਾਂ ਨੂੰ ਨਸੀਅਤ ਦਿੰਦਿਆਂ ਕਿਹਾ ਕਿ ਘਰਾਂ ਦੇ ਨਿੱਕੇ -ਨਿੱਕੇ ਝਗੜਿਆਂ ਕਰਕੇ ਆਪਸ ਵਿੱਚ ਲੜ੍ਹਨਾ ਛੱਡ ਦੇਵੋ ਅਤੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਲਈ ਲੜਾਈ ਲੜੋ। ਉਸ ਨੇ ਨੌਜਵਾਨਾਂ ਨੂੰ ਕਿਹਾ ਕਿ ਆਪਣੇ ਘਰਾਂ ਤੋਂ ਸਿਆਸੀ ਪਾਰਟੀਆਂ ਦੇ ਝੰਡੇ ਲੈ ਕੇ ਕਿਸਾਨ -ਮਜ਼ਦੂਰ ਯੂਨੀਅਨ ਦਾ ਝੰਡਾ ਲਗਾ ਲਵੋ ਤੇ ਇਨ੍ਹਾਂ ਪਾਰਟੀਆਂ ਦਾ ਖਹਿੜਾ ਛੱਡ ਦੇਵੋ। ਜਾਣਕਾਰੀ ਲਈ ਦੱਸ ਦੇਈਏ ਕਿ ਕਰਨ ਔਜਲਾ ਵੀ ਇਸ ਦੌਰਾਨ ਇਸ ਅੰਦੌਲਨ ਵਿਚ ਕਿਸਾਨਾਂ ਦਾ ਸਾਥ ਦਿੰਦੇ ਨਜ਼ਰ ਆਏ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਹੋਰ ਵੀ ਕਈ ਪੰਜਾਬੀ ਕਲਾਕਾਰ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਕੰਵਰ ਗਰੇਵਾਲ, ਹਰਫ਼ ਚੀਮਾ, ਦੀਪ ਸਿੱਧੂ , ਰਣਜੀਤ ਬਾਵਾ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਮਨਕਿਰਤ ਔਲਖ , ਅੰਮ੍ਰਿਤ ਮਾਨ, ਸੁਨੰਦਾ ਸ਼ਰਮਾ ,ਮਿਸ ਪੂਜਾ ਤੇ ਜੱਸ ਬਾਜਵਾ ਵਰਗੇ ਪੰਜਾਬੀ ਕਲਾਕਾਰ ਵੀ ਇਨ੍ਹਾਂ ਮੋਰਚਿਆਂ ਦਾ ਹਿੱਸਾ ਹਨ। ਹੁਣ ਬੱਬੂ ਮਾਨ ਵੀ ਇਸ ਧਰਨੇ ‘ਚ ਸ਼ਾਮਲ ਹੋਣ ਪਹੁੰਚੇ ਹਨ।