Ranjit bawa Kulwinder Billa: ਪੰਜਾਬ ਵਿੱਚ ਖੇਤੀ ਬਿੱਲਾਂ ਨੂੰ ਲੈ ਕੇ ਦੇਸ਼ ਭਰ ਵਿੱਚ ਰੋਸ਼ ਪੈਦਾ ਹੋ ਗਿਆ ਹੈ। ਹਰ ਕੋਈ ਇਸ ਬਿੱਲ ਦਾ ਵਿਰੋਧ ਕਰਦਾ ਨਜ਼ਰ ਆ ਰਿਹਾ ਹੈ। ਹੁਣ ਇਸ ਬਿੱਲ ਖ਼ਿਲਾਫ਼ ਪੰਜਾਬੀ ਕਲਾਕਾਰ ਵੀ ਇਸ ਵਾਰ ਮੈਦਾਨ ਵਿਚ ਨਿੱਤਰੇ ਹਨ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਪੰਜਾਬੀ ਗਾਇਕ ਤੇ ਕਲਾਕਾਰ ਕਿਸਾਨਾਂ ਦਾ ਡਟ ਕੇ ਸਾਥ ਦੇ ਰਹੇ ਹਨ। ਇਸ ਤੋਂ ਬਾਅਦ ਅੱਜ ਨਾਭਾ ਵਿਚ ਕਿਸਾਨਾਂ ਦੇ ਧਰਨੇ ਵਿਚ ਸਮਰਥਨ ਦੇਣ ਲਈ ਪੰਜਾਬੀ ਗਾਇਕ ਚੰਡੀਗੜ੍ਹ ਤੋਂ ਰਵਾਨਾ ਹੋਏ।
ਹਰਭਜਨ ਮਾਨ, ਉਨ੍ਹਾਂ ਦਾ ਬੇਟਾ ਅਵਕਾਸ਼ ਮਾਨ, ਕੁਲਵਿੰਦਰ ਬਿੱਲਾ, ਸ਼ਿਵਜੋਤ, ਰਣਜੀਤ ਬਾਵਾ ਤੇ ਰਵਨੀਤ ਸਣੇ ਕਈ ਹੋਰ ਪੰਜਾਬੀ ਗਾਇਕ ਕਿਸਾਨਾਂ ਦਾ ਸਾਥ ਦੇਣ ਜਾ ਰਹੇ ਹਨ।
ਇਸ ਤੋਂ ਪਹਿਲਾਂ ਪੰਜਾਬ ਦੇ ਕਲਾਕਾਰਾਂ ਵੱਲੋਂ ਗੀਤਾਂ ਰਾਹੀਂ ਵੀ ਆਪਣਾ ਰੋਸ ਪ੍ਰਗਟਾਇਆ ਜਾ ਚੁੱਕਾ ਹੈ। ਗਾਇਕ ਸਿੱਪੀ ਗਿੱਲ ਨੇ ‘ਆਸ਼ਿਕ਼ ਮਿੱਟੀ ਦੇ’ ਗੀਤ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ। ਦੂਜੇ ਪਾਸੇ ਗਾਇਕ ਕੰਵਰ ਗਰੇਵਾਲ ਨੇ ‘ਅੱਖਾਂ ਖੋਲ੍ਹ’ ਗੀਤ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸ ਦਈਏ ਕਿ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦੇ ਹੋਇਆਂ ਇੱਕ ਖ਼ਾਸ ਸੁਨੇਹਾ ਲਿਖਿਆ। “ਅਸੀਂ ਸਾਰੇ ਕਲਾਕਾਰ ਖ਼ਾਸ ਤੌਰ ‘ਤੇ ਨੌਜਵਾਨਾਂ ਅਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਤੇ ਵਰਗਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਖਵਾਲੀ ਅਤੇ ਚੜ੍ਹਦੀ ਕਲਾ ਲਈ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਅੱਗੇ ਆਉਣ ਲਈ ਪੁਰਜ਼ੋਰ ਅਪੀਲ ਕਰਦੇ ਹਾਂ।“ ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਬਹੁਤ ਸਾਰੇ ਕਲਾਕਾਰ ਭਰਾ ਧਰਨਿਆਂ ਵਿਚ ਜਾ ਕੇ ਸ਼ਮੂਲੀਅਤ ਕਰ ਚੁੱਕੇ ਹਨ। ਹਰਭਜਨ ਮਾਨ ਬਾਈ ਜੀ, ਹਰਜੀਤ ਹਰਮਨ ਬਾਈ, ਛੋਟਾ ਵੀਰ ਅਵਕਾਸ਼ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰ ਭਰਾ 25 ਸਤੰਬਰ ਦੇ ਪੰਜਾਬ ਬੰਦ ਵਿੱਚ ਹਿੱਸਾ ਲੈਣਗੇ।“ ਕਿਸਾਨ ਮਜਦੂਰ ਏਕਤਾ ਜਿੰਦਾਬਾਦ।