shaukat ali harbhajan Mann: ਪਾਕਿਸਤਾਨੀ ਦੇ ਮਸ਼ਹੂਰ ਗਾਇਕ ਸ਼ੌਕਤ ਅਲੀ ਦਾ ਦਿਹਾਂਤ ਹੋ ਗਿਆ ਹੈ। ਸ਼ੌਕਤ ਅਲੀ ਦੀ ਸਿਹਤ ਲੰਬੇ ਸਮੇਂ ਤੋਂ ਖਰਾਬ ਰਹੀ ਸੀ। ਬੀਮਾਰ ਹੋਣ ਤੋਂ ਬਾਅਦ, ਸ਼ੌਕਤ ਅਲੀ ਨੂੰ ਲਾਹੌਰ ਦੇ ਕੰਬਾਈਨਡ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸਨੇ ਆਖਰੀ ਸਾਹ ਲਿਆ। ਜਿਸਦੇ ਚਲਦੇ ਪੰਜਾਬੀ ਸਿਤਾਰਿਆਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਗਾਇਕ ਹਰਭਜਨ ਮਾਨ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਲਿਖਿਆ- ਸ਼ੌਕਤ ਅਲੀ ਸਾਹਿਬ ਨਾਲ ਮੇਰੀ ਪਹਿਲੀ ਮੁਲਾਕਾਤ ਜਨਾਬ ਇਕਬਾਲ ਮਾਹਲ ਜ਼ਰੀਏ ਕਰੀਬ 1985 ਵਿੱਚ ਟੋਰਾਂਟੋ ਵਿੱਚ ਹੋਈ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮੇਰੀ ਜਨਾਬ ਸ਼ੌਕਤ ਅਲੀ ਸਾਹਿਬ ਨਾਲ ਬਹੁਤ ਨਿੱਘੀ ਸਾਂਝ ਰਹੀ ਹੈ। ਇੱਧਰਲੇ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਲੋਕ-ਗਾਇਕ ਹੋਵੇ, ਜਿਸ ਦੀ ਗਾਇਕੀ ਨੇ ਜਨਾਬ ਸ਼ੌਕਤ ਅਲੀ ਸਾਹਿਬ ਦੀ ਗਾਇਕੀ ਦਾ ਅਸਰ ਨਾ ਕਬੂਲਿਆ ਹੋਵੇ।
ਮੈਂ 1985 ਦੇ ਨੇੜੇ-ਤੇੜੇ ਹੀ ਕਵੀਸ਼ਰੀ ਦੇ ਨਾਲ ਪੰਜਾਬੀ ਲੋਕ-ਗਾਇਕੀ ਦੀ ਸ਼ੁਰੂਆਤ ਕੀਤੀ ਸੀ। ਜਦੋਂ ਮੈਂ ਸ਼ੌਕਤ ਸਾਹਿਬ ਨੂੰ ਮਿਲਿਆ ਤਾਂ ਉਨ੍ਹਾਂ ਦੀ ਗਾਇਕੀ ਨੇ ਮੈਨੂੰ ਇੰਨਾ ਮੁਤਾਸਿਰ ਕੀਤਾ ਕਿ ਕਿਧਰੇ ਨਾ ਕਿਧਰੇ ਉਨ੍ਹਾਂ ਦੀ ਗਾਇਕੀ ਦਾ ਅਸਰ ਮੇਰੀ ਗਾਇਕੀ ਉੱਤੇ ਹਮੇਸ਼ਾ ਰਿਹਾ। ਸ਼ੌਕਤ ਸਾਹਿਬ ਨਾਲ ਮੇਰੀਆਂ ਬਹੁਤ ਯਾਦਾਂ ਹਨ। ਮੈਨੂੰ ਇਸ ਗੱਲ ਦਾ ਵੀ ਫ਼ਖ਼ਰ ਹੈ ਕਿ ਉਨ੍ਹਾਂ ਮੇਰੀਆਂ ਕਈ ਫ਼ਿਲਮਾਂ ਦੇ ਗੀਤਾਂ ਨੂੰ ਆਵਾਜ਼ ਦੇ ਕੇ ਮਾਣ ਬਖ਼ਸ਼ਿਆ।
ਸ਼ੌਕਤ ਸਾਹਿਬ ਦੇ ਬੇ-ਵਕਤ ਤੁਰ ਜਾਣ ਦਾ ਬਹੁਤ ਦੁੱਖ ਹੈ। ਸ਼ੌਕਤ ਅਲੀ ਸਾਹਿਬ ਵਰਗੀ ਸ਼ਖ਼ਸੀਅਤ ਮੁੜ ਪੈਦਾ ਨਹੀਂ ਹੋਣੀ। ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਉਹ ਜੋ ਮਾਣਮੱਤਾ ਸੰਗੀਤ ਪਾ ਕੇ ਗਏ ਹਨ, ਉਹ ਗੀਤ ਤੇ ਉਨ੍ਹਾਂ ਦੀ ਆਵਾਜ਼ ਹਮੇਸ਼ਾ ਅਮਰ ਰਹੇਗੀ।
ਅੱਜ ਉਨ੍ਹਾਂ ਦਾ ਇਹ ਗੀਤ ਵਾਰ-ਵਾਰ ਮੇਰੇ ਕੰਨਾਂ ਵਿੱਚ ਗੂੰਜ ਰਿਹਾ ਹੈ;
“ਸ਼ੌਕਤ ਜਿਊਂਦਿਆਂ ਮੁੱਲ ਨਹੀਂ ਪੈਂਦੇ,
ਵਕਤ ਨਹੀਂ ਰਹਿੰਦਾ, ਬੰਦੇ ਨਹੀਂ ਰਹਿੰਦੇ”
ਸ਼ੌਕਤ ਅਲੀ ਸਾਹਿਬ ਦੇ ਪਰਿਵਾਰ ਅਤੇ ਪੂਰੀ ਦੁਨੀਆਂ ਵਿੱਚ ਬੈਠੇ ਸੰਗੀਤ ਪ੍ਰੇਮੀਆਂ ਨਾਲ ਦੁੱਖ ਸਾਂਝਾ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਨੂੰ ਜੱਨਤਾਂ ਨਸੀਬ ਕਰੇ।
ਇਸਦੇ ਨਾਲ ਹੀ ਗਾਇਕ ਸਤਵਿੰਦਰ ਬੁੱਗਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪੰਜਾਬੀ ਮੌਸੀਕੀ ਦੇ ਬੇਤਾਜ਼ ਬਾਦਸ਼ਾਹ ਉਸਤਾਦ ਜਨਾਬ ਸ਼ੌਕਤ ਅਲੀ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਹ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਹੈ ।ਜਿਹੜਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ । ਪ੍ਰਮਾਤਮਾ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’ ।