sidhu moose wala birthday: ਅੱਜ ਯਾਨੀ 11 ਜੂਨ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਵਰਗੀ ਸ਼ੁਭਦੀਪ ਸਿੰਘ ਸਿੱਧੂ ਜੋ ਪ੍ਰਸ਼ੰਸਕਾਂ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਮਸ਼ਹੂਰ ਸਨ। ਇਹ ਦੁੱਖ ਦੀ ਗੱਲ ਹੈ ਕਿ ਸਿੱਧੂ ਦਾ ਇਹ ਪਹਿਲਾ ਜਨਮ ਦਿਨ ਹੈ, ਇਸ ਨੂੰ ਮਨਾਉਣ ਦੀ ਬਜਾਏ, ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰ ਗਮ ਵਿੱਚ ਡੁੱਬੇ ਹੋਏ ਹਨ। ਸਿੱਧੂ ਦੇ ਇਸ ਖ਼ਾਸ ਦਿਨ ਨੂੰ ਯਾਦ ਕਰਦਿਆਂ ਕਲਾਕਾਰ ਭਾਵੁਕ ਹੋ ਰਹੇ ਹਨ। ਮਸ਼ਹੂਰ ਪੰਜਾਬੀ ਕਲਾਕਾਰਾਂ ਨੇ ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕੀਤਾ ਹੈ ਤੇ ਆਪਣੇ ਦਿਲ ਦੇ ਜਜ਼ਬਾਤ ਚਾਹੁਣ ਵਾਲਿਆਂ ਨਾਲ ਸਾਂਝੇ ਕੀਤੇ ਹਨ।
ਗਿੱਪੀ ਗਰੇਵਾਲ ਨੇ ਸਿੱਧੂ ਮੂਸੇ ਵਾਲਾ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਲੇਖਾਂ ਦੀਆਂ ਲਿਖੀਆਂ ’ਤੇ ਚੱਲਦਾ ਨਾ ਜ਼ੋਰ ਵੇ, ਬੰਦਾ ਕੁਝ ਹੋਰ ਸੋਚੇ, ਰੱਬ ਕੁਝ ਹੋਰ ਵੇ। ਜਨਮਦਿਨ ਮੁਬਾਰਕ ਭਰਾ। ਸਿੱਧੂ ਦਾ ਸੁਪਨਾ ਸੀ ਕਿ ਪੰਜਾਬੀ ਇੰਡਸਟਰੀ ਦਾ ਨਾਂ ਨੰਬਰ 1 ’ਤੇ ਹੋਵੇ। ਕਹਿੰਦਾ ਸੀ ਸਾਡਾ ਮੁਕਾਬਲਾ ਇਕ-ਦੂਜੇ ਨਾਲ ਨਹੀਂ, ਬਲਕਿ ਇੰਟਰਨੈਸ਼ਨਲ ਆਰਟਿਸਟਾਂ ਨਾਲ ਹੈ ਤੇ ਪੰਜਾਬੀ ਇੰਡਸਰੀ ਵਾਲੇ ਸਿੱਧੂ ਦੇ ਜਾਣ ਮਗਰੋਂ ਇਸ ਗੱਲ ’ਤੇ ਇਕ-ਦੂਜੇ ਨਾਲ ਲੜੀ ਜਾਂਦੇ ਨੇ ਕਿ ਤੂੰ ਸ਼ੋਅ ਲਾਉਣ ਚਲਾ ਗਿਆ, ਤੂੰ ਉਹਦੇ ਘਰ ਨਹੀਂ ਗਿਆ, ਤੂੰ ਪੋਸਟ ਨਹੀਂ ਪਾਈ। ਯਾਰ ਸਮਝਦਾਰ ਬਣੋ, ਇਨ੍ਹਾਂ ਗੱਲਾਂ ’ਚ ਕੁਝ ਨਹੀਂ ਰੱਖਿਆ। ਕਿਸੇ ਦੇ ਸ਼ੋਅ ਲਾਉਣ ਜਾਂ ਨਾ ਲਾਉਣ ਨਾਲ ਕੁਝ ਨਹੀਂ ਹੋਣਾ, ਬਸ ਜ਼ੋਰ ਲਾਉਣਾ ਤਾਂ ਇਹ ਲਾਓ ਕਿ ਸਿੱਧੂ ਨੂੰ ਇਨਸਾਫ ਮਿਲ ਜਾਵੇ। ਜੇ ਕੁਝ ਕਰ ਸਕਦੇ ਹੋ ਤਾਂ ਹਰ ਸਾਲ 2-4 ਗੇੜੇ ਸਿੱਧੂ ਦੇ ਘਰ ਜ਼ਰੂਰ ਲਾ ਕੇ ਆਇਆ ਕਰੋ। ਉਹ ਦੇ ਮਾਤਾ-ਪਿਤਾ ਨਾਲ ਸਮਾਂ ਬਤੀਕ ਕਰਕੇ ਆਇਆ ਕਰੋ। ਉਨ੍ਹਾਂ ਦਾ ਗੱਲਾਂ ਕਰਨ ਵਾਲਾ, ਮੰਮੀ-ਡੈਡੀ ਕਹਿਣ ਵਾਲਾ, ਉਨ੍ਹਾਂ ’ਤੇ ਜਾਨ ਵਾਰਨ ਵਾਲਾ ਸਿੱਧੂ ਹੁਣ ਆਪਾਂ ਨੂੰ ਬਣਨਾ ਪੈਣਾ। ਇਕੱਠੇ ਰਿਹਾ ਕਰੋ, ਪਿਆਰ ਬਣਾ ਕੇ ਰੱਖੋ ਤੇ ਇਕ-ਦੂਜੇ ’ਚ ਕਮੀਆਂ ਕੱਢਣ ਨਾਲੋਂ ਇਕ-ਦੂਜੇ ਨੂੰ ਹੌਸਲਾ ਦੇਣਾ ਸਿੱਖੋ। ਸਿੱਧੂ ਦੇ ਜਨਮਦਿਨ ’ਤੇ ਅੱਜ ਇਕ-ਦੂਜੇ ਨਾਲ ਸਭ ਗਿਲੇ-ਸ਼ਿਕਵੇ ਖ਼ਤਮ ਕਰੀਏ ਤੇ ਪਿਆਰ ਬਣਾ ਕੇ ਰੱਖੀਏ। ਤੁਹਾਨੂੰ ਬਹੁਤ ਸਾਰਾ ਪਿਆਰ। ਤੈਨੂੰ ਯਾਦ ਕਰ ਰਹੇ ਹਾਂ ਭਰਾ ਸਿੱਧੂ ਮੂਸੇ ਵਾਲਾ।’’
ਅਫਸਾਨਾ ਖ਼ਾਨ ਨੇ ਸਿੱਧੂ ਦੀ ਯਾਦ ’ਚ ਵੀਡੀਓ ਸਾਂਝੀ ਕਰਕੇ ਲਿਖਿਆ, ‘‘ਮੈਂ ਸਭ ਨੂੰ ਦੱਸਦੀ ਸੀ 11 ਜੂਨ ਸਿੱਧੂ ਬਾਈ ਦਾ ਜਨਮਦਿਨ 12 ਜੂਨ ਮੇਰਾ, ਮੈਂ ਬਹੁਤ ਖ਼ੁਸ਼ ਹੋਈ ਸੀ ਜਦੋਂ ਮੈਨੂੰ ਪਤਾ ਲੱਗਾ ਸੀ ਮੈਂ ਕਿਹਾ ਇਹ ਹੈ ਅਸਲੀ ਪਿਆਰ ਰੱਬ ਤੋਂ ਬਣ ਕੇ ਆਇਆ ਭੈਣ-ਭਰਾ ਵਾਲਾ।’’
ਰੇਸ਼ਮ ਸਿੰਘ ਅਨਮੋਲ ਨੇ ਲਿਖਿਆ, ‘‘ਜਨਮਦਿਨ ਮੁਬਾਰਕ ਲੈਜੰਡ। ਜੇ ਸਿੱਧੂ ਬਾਈ ਨੂੰ ਪਿਆਰ ਕਰਦੇ ਹੋ ਤਾਂ ਇਕ-ਦੂਜੇ ਦੀਆਂ ਲੱਤਾਂ ਖਿੱਚਣੀਆਂ ਬੰਦ ਕਰੋ। ਜਿਊਂਦੇ ਬੰਦਿਆਂ ਦੀ ਕਦਰ ਕਰੋ। ਦਰੱਖਤ ਲਗਾਓ। ਖੇਤੀ ਆਪ ਕਰੋ। ਮਾਪਿਆਂ ਦੀ ਇੱਜ਼ਤ ਕਰੋ। ਆਪਣੇ ਪਿੰਡ ਲਈ ਜ਼ਰੂਰ ਕੁਝ ਕਰੋ। ਉਹਦੇ ਮਾਪਿਆਂ ਕੋਲ ਗੇੜਾ ਰੱਖੋ ਤੇ ਇਨਸਾਫ਼ ਦੀ ਮੰਗ ਕਰੋ।’’ ਐਮੀ ਵਿਰਕ ਨੇ ਲਿਖਿਆ, ‘‘ਵੀਰੇ ਯਾਰ ਨਹੀਂ ਸਮਝ ਆ ਰਿਹਾ ਕਿ ਲਿਖਾਂ। ਅੱਜ ਦੇ ਦਿਨ ਜੰਮਿਆ ਸੀ ਭਲਵਾਨ।’’