singer Dharmpreet news update: ਪੰਜਾਬੀ ਗਾਇਕ ਧਰਮਪ੍ਰੀਤ ਮਿੱਠੇ ਗੀਤਾਂ ਦੇ ਬਾਦਸ਼ਾਹ ਤੇ ਦਰਦ ਭਰੀ ਆਵਾਜ਼ ਦੇ ਮਾਲਕ ਸਨ। ਅੱਜ ਉਨ੍ਹਾਂ ਦੇ ਜਨਮ ਦਿਨ ਤੇ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕੁੱਝ ਦਿਲਚਸਪ ਗੱਲਾਂ। ਧਰਮਪ੍ਰੀਤ ਦਾ ਜਨਮ 9 ਜੁਲਾਈ, 1973 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਕਿਲਾਸਪੁਰ ਵਿਖੇ ਪਿਤਾ ਜਗਰੂਪ ਸਿੰਘ ਦੇ ਘਰ ਹੋਇਆ।
ਜਾਣਕਾਰੀ ਲਈ ਦੱਸ ਦੇਈਏ ਪਹਿਲਾਂ ਧਰਮਪ੍ਰੀਤ ਦਾ ਨਾਂ ਭੁਪਿੰਦਰ ਸਿੰਘ ਧਰਮਾ ਸੀ ਤੇ ਲੋਕ ਉਸ ਨੂੰ ਪਿਆਰ ਨਾਲ ‘ਧਰਮਾ’ ਆਖ ਕੇ ਬੁਲਾਉਂਦੇ ਸਨ। ਉਸ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ। ਧਰਮਪ੍ਰੀਤ ਕਵੀਸ਼ਰੀ ਤੇ ਗੁਰਬਾਣੀ ਦਾ ਕੀਰਤਨ ਵੀ ਕਰਦਾ ਸੀ, ਜਿਸ ਦੀ ਮਿੱਠੀ ਆਵਾਜ਼ ਤੋਂ ਪੰਜਾਬ ਦੇ ਪ੍ਰਸਿੱਧ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਕਾਫ਼ੀ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੇ ਉਸ ਨੂੰ ਆਪਣਾ ਸ਼ਾਗਿਰਦ ਹੀ ਨਹੀਂ ਬਣਾਇਆ, ਸਗੋਂ ਆਪਣੇ ਪੁੱਤਰ ਵਾਂਗ ਪਿਆਰ ਦਿੱਤਾ।
ਇਸ ਹੀਰੇ ਨੂੰ ਅਜਿਹਾ ਤਰਾਸ਼ਿਆ ਕਿ ਇਸ ਦੀ ਚਮਕ ਸਾਰੀ ਦੁਨੀਆ ਨੂੰ ਦਿਖਾਈ ਦੇਣ ਲੱਗੀ। ਅਲਬੇਲਾ ਸਾਹਿਬ ਤੇ ਗੀਤਕਾਰ ਦੀਪਾ ਘੋਲੀਆ ਨੇ ਧਰਮੇ ਦੀ ਆਵਾਜ਼ ’ਚ ਪਹਿਲੀ ਐਲਬਮ ‘ਖ਼ਤਰਾ ਹੈ ਸੋਹਣਿਆਂ ਨੂੰ’ ਸਾਲ 1993 ’ਚ ਰਿਲੀਜ਼ ਕੀਤੀ। ਧਰਮੇ ਤੋਂ ਧਰਮਪ੍ਰੀਤ ਉਹ ਉਦੋਂ ਬਣਿਆ, ਜਦੋਂ ਸਾਲ 1997 ’ਚ ਗੀਤਕਾਰ ਦੀਪਾ ਘੋਲੀਆ ਦੀ ਪੇਸ਼ਕਸ਼ ਹੇਠ ‘ਦਿਲ ਨਾਲ ਖੇਡਦੀ ਰਹੀ’ ਕੈਸਿਟ ਮਾਰਕੀਟ ’ਚ ਆਈ।
ਇਸ ਨਾਲ ਉਹ ਰਾਤੋਂ-ਰਾਤ ਸਟਾਰ ਬਣ ਗਿਆ ਤੇ ਉਸ ਦੀਆਂ 23 ਲੱਖ ਆਰੀਜਨਲ ਕੈਸਿਟਾਂ ਵਿਕੀਆਂ, ਜੋ ਇਤਿਹਾਸ ’ਚ ਇਕ ਰਿਕਾਰਡ ਸੀ। ਇਸ ਤੋਂ ਬਾਅਦ ਉਸ ਦੀ ਮੁਲਾਕਾਤ ਪੰਜਾਬ ਦੇ ਨਾਮੀ ਗੀਤਕਾਰ ਭਿੰਦਰ ਡੌਂਬਵਾਲੀ ਨਾਲ ਹੋਈ ਤੇ ਇਸ ਜੋੜੀ ਨੇ ਕਈ ਸੁਪਰ-ਡੁਪਰ ਹਿੱਟ ਕੈਸਿਟਾਂ ਦਿੱਤੀਆਂ।