ਪੰਜਾਬ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸਾਲ 2008-2009 ਦੌਰਾਨ 312 ਮੈਡੀਕਲ ਅਫਸਰਾਂ ਦੀ ਭਰਤੀ ਦੌਰਾਨ ਹੋਈਆਂ ਬੇਨਿਯਮੀਆਂ ਦੇ ਦੋਸ਼ ਵਿਚ ਸਾਬਕਾ ਵਿਧਾਇਕ ਡਾ. ਸਤਵੰਤ ਸਿੰਘ ਮੋਹੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਨਾਲ ਹੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਸਾਬਕਾ ਚੇਅਰਮੈਨ ਅਤੇ ਪੰਜ ਸਾਬਕਾ ਮੈਂਬਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਡਾ. ਸਤਵੰਤ ਸਿੰਘ ਮੋਹੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਜੀਲੈਂਸ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਕਾਰਵਾਈ ਸਿਟ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਹੈ। ਕੇਸ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਐਸ. ਕੇ. ਸਿਨਹਾ ਚੇਅਰਮੈਨ (ਸਵਰਗਵਾਸੀ), ਬ੍ਰਿਗੇਡੀਅਰ (ਸੇਵਾਮੁਕਤ) ਡੀ.ਐਸ. ਗਰੇਵਾਲ (ਸਵਰਗਵਾਸੀ), ਡਾ: ਸਤਵੰਤ ਸਿੰਘ ਮੋਹੀ, ਡੀ.ਐਸ. ਮਾਹਲ, ਸਾਬਕਾ ਮੰਤਰੀ ਲਾਲ ਸਿੰਘ ਦੀ ਨੂੰਹ ਰਵਿੰਦਰ ਕੌਰ ਅਤੇ ਭਾਜਪਾ ਦਾ ਬੁਲਾਰਾ ਅਨਿਲ ਸਰੀਨ ਸ਼ਾਮਲ ਹੈ।
ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 22 ਨਵੰਬਰ 2013 ਨੂੰ PPSC ਵੱਲੋਂ 312 ਮੈਡੀਕਲ ਅਫਸਰਾਂ ਦੀ ਭਰਤੀ ਵਿਚ ਹੋਈਆਂ ਬੇਨਿਯਮੀਆਂ ਦੀ ਜਾਂਚ ਲਈ ਸਿਟ ਦਾ ਗਠਨ ਕੀਤਾ ਗਿਆ ਸੀ। 2 ਮੈਂਬਰੀ SIT ਵਿੱਚ ਸ਼ਾਮਲ ਐਮ.ਐਸ. ਬਾਲੀ, ਸੰਯੁਕਤ ਕਮਿਸ਼ਨਰ ਸੀ.ਬੀ.ਆਈ. (ਸੇਵਾਮੁਕਤ) ਅਤੇ ਸੁਰੇਸ਼ ਅਰੋੜਾ, ਤਤਕਾਲੀ ਡਾਇਰੈਕਟਰ ਜਨਰਲ ਵਿਜੀਲੈਂਸ ਬਿਊਰੋ ਨੇ ਹਾਈ ਕੋਰਟ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਹੈ ਜੋ ਇਹ ਸਾਬਤ ਕਰਦੀ ਹੈ ਕਿ ਸਾਲ 2008-2009 ਵਿੱਚ 312 ਡਾਕਟਰਾਂ ਦੀ ਪੂਰੀ ਚੋਣ ਬੇਨਿਯਮੀਆਂ ਨਾਲ ਭਰੀ ਹੋਈ ਸੀ।
ਇਹ ਵੀ ਪੜ੍ਹੋ : ਥਰੂਰ, ਡਿੰਪਲ ਯਾਦਵ ਸਣੇ ਅੱਜ 49 MP ਲੋਕ ਸਭਾ ਤੋਂ ਮੁਅੱਤਲ, ਹੁਣ ਤੱਕ ਕੁੱਲ 141 ਸਾਂਸਦਾਂ ‘ਤੇ ਹੋਈ ਕਾਰਵਾਈ
ਇਸੇ ਤਹਿਤ PPSC ਦੇ ਚੇਅਰਮੈਨ ਤੇ 5 ਮੈਂਬਰਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਜਿਸ ਤਹਿਤ ਕਾਰਵਾਈ ਕਰਦੇ ਹੋਏ ਸਾਬਕਾ ਵਿਧਾਇਕ ਡਾ.ਸਤਵੰਤ ਸਿੰਘ ਮੋਹੀ ਨੂੰ ਗ੍ਰਿਫਤਾਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ : –