ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਹੁਣ ਦੂਰੀ ਘੱਟ ਜਾਵੇਗੀ। ਇਸ ਦੇ ਲਈ ਮੁੱਖ ਸੜਕਾਂ ਤੋਂ ਇਲਾਵਾ ਦੋਵਾਂ ਰਾਜਾਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਹਿਮਾਚਲ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੇ ਮੀਟਿੰਗ ਵੀ ਕੀਤੀ ਹੈ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਆਵਾਜਾਈ ਲਈ ਲਿੰਕ ਸੜਕਾਂ ਨੂੰ ਸੁਧਾਰਿਆ ਜਾਵੇਗਾ। ਹਰਿਆਣਾ ਦੀਆਂ 3 ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਕੀਤਾ ਜਾਵੇਗਾ। ਸੜਕਾਂ ‘ਤੇ ਆਵਾਜਾਈ ਦਾ ਬੋਝ ਘੱਟ ਕਰਨ ਲਈ ਮੋਰਨੀ ਤੋਂ ਬੁਢਿਆਲ ਨਿੰਬਵਾਲਾ ਸੜਕ ‘ਤੇ ਪੁਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਮਾਰਕੰਡਾ ਨਦੀ ‘ਤੇ ਕਾਲਾ ਅੰਬ-ਬਰਾੜ ਸ਼ਾਹਾਬਾਦ ਰੋਡ ‘ਤੇ ਪੁਲ ਅਤੇ ਰਨ ਨਦੀ ‘ਤੇ ਟੋਕਾ ਨਰਾਇਣਗੜ੍ਹ ਰੋਡ ‘ਤੇ ਡੇਰਾ ਝੀਰੀਵਾਲਾ ਪੁਲ ਵੀ ਬਣਾਇਆ ਜਾਵੇਗਾ। ਇਨ੍ਹਾਂ ਰੂਟਾਂ ਨਾਲ ਨਾ ਸਿਰਫ਼ ਦੂਰੀਆਂ ਘਟਣਗੀਆਂ ਸਗੋਂ ਲੋਕਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਸੁਖਵਿੰਦਰ ਸਿੰਘ ਸੁੱਖੂ ਹੋਰ ਮੁੱਦਿਆਂ ‘ਤੇ ਵੀ ਜਲਦੀ ਹੀ ਮੀਟਿੰਗ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “
ਇਨ੍ਹਾਂ ਰੂਟਾਂ ਤੋਂ ਇਲਾਵਾ ਨਵਾਂਨਗਰ ਤੋਂ ਸ਼ੀਤਲਪੁਰ ਤੱਕ ਕਰੀਬ 2 ਕਿਲੋਮੀਟਰ ਲੰਬੀ ਕੱਚੀ ਸੜਕ, 1.25 ਕਿਲੋਮੀਟਰ ਲੰਬੀ ਮੇਜਰ ਇੰਡਸਟਰੀ ਰੋਡ ਮਾਧਵਲਾ ਬਰੋਟੀਵਾਲਾ ਅਤੇ ਗੁਰੂ ਗੋਰਖਨਾਥ ਮੰਦਰ ਤੋਂ ਝਰਮਜਰੀ ਵਾਇਆ ਸ਼ਾਹਪੁਰ ਸੜਕ ਨੂੰ ਮੋਟਰਾਂ ਯੋਗ ਬਣਾਇਆ ਜਾਵੇਗਾ। ਤਾਂ ਜੋ ਲੋਕਾਂ ਨੂੰ ਆਵਾਜਾਈ ਵਿੱਚ ਕੋਈ ਦਿੱਕਤ ਨਾ ਆਵੇ। ਇਸ ਦੇ ਨਾਲ ਹੀ ਪ੍ਰੇਮ ਨਗਰ ਕੋਨਾ ਰੋਡ ਅਤੇ ਕਾਲੂਝੰਡਾ ਤੋਂ ਕਾਲਕਾ ਨੂੰ ਜੋੜਨ ਵਾਲੀ ਸੜਕ ਵੀ ਬਣਾਈ ਜਾਵੇਗੀ। ਉਦਯੋਗਿਕ ਖੇਤਰ ਬੱਦੀ ਤੋਂ ਆਉਣ ਵਾਲੇ ਕੂੜੇ ਲਈ ਠੋਸ ਕੂੜਾ ਪ੍ਰਬੰਧਨ ਸਥਾਪਤ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ। ਇਸ ਸਰਹੱਦ ਦੇ ਆਲੇ-ਦੁਆਲੇ ਕਈ ਸਕਰੈਪ ਡੀਲਰ ਨਾਜਾਇਜ਼ ਕਬਜ਼ੇ ਕਰਕੇ ਸਕਰੈਪ ਸਾੜਨ ਦਾ ਕੰਮ ਕਰ ਰਹੇ ਹਨ। ਇਸ ਕਾਰਨ ਇਲਾਕੇ ਵਿੱਚ ਪ੍ਰਦੂਸ਼ਣ ਫੈਲਦਾ ਹੈ। ਇਸ ‘ਤੇ ਹਰਿਆਣਾ ਦੇ ਮੁੱਖ ਸਕੱਤਰ ਨੇ ਪੰਚਕੂਲਾ ਦੇ ਡੀਸੀ ਨੂੰ ਐਮਸੀ ਟੀਮ ਬਣਾ ਕੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।