Blood Deficiency home remedies: ਕੀ ਤੁਸੀਂ ਲਗਾਤਾਰ ਥਕਾਵਟ ਮਹਿਸੂਸ ਕਰਦੇ ਹੋ? ਕੀ ਤੁਹਾਡੀ ਸਕਿਨ ਪੀਲੀ ਅਤੇ ਬੇਜਾਨ ਹੋ ਗਈ ਹੈ? ਇਹ ਸਰੀਰ ‘ਚ ਖੂਨ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਡਾਕਟਰੀ ਭਾਸ਼ਾ ‘ਚ ਇਸ ਨੂੰ ਅਨੀਮੀਆ ਵੀ ਕਿਹਾ ਜਾਂਦਾ ਹੈ, ਜਿਸ ਕਾਰਨ ਸਰੀਰ ‘ਚ ਹੀਮੋਗਲੋਬਿਨ ਦਾ ਸਹੀ ਤਰੀਕੇ ਨਾਲ ਨਾ ਬਣਨਾ ਹੋ ਸਕਦਾ ਹੈ।
ਅਨੀਮੀਆ ਕੀ ਹੁੰਦਾ ਹੈ: ਸਰੀਰ ਦੇ ਸੈੱਲਾਂ ਨੂੰ ਐਕਟਿਵ ਰੱਖਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ਜਿਸ ਨੂੰ ਹੀਮੋਗਲੋਬਿਨ ਸਰੀਰ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਂਦਾ ਹੈ। ਹੀਮੋਗਲੋਬਿਨ ਇੱਕ ਆਇਰਨ ਨਾਲ ਭਰਪੂਰ ਪ੍ਰੋਟੀਨ ਹੈ ਜੋ ਰੈੱਡ ਬਲੱਡ ਸੈੱਲਜ਼ ‘ਚ ਮੌਜੂਦ ਹੁੰਦਾ ਹੈ। ਇਹ ਪੂਰੇ ਸਰੀਰ ‘ਚ ਆਕਸੀਜਨ ਪਹੁੰਚਾਉਣ ਲਈ ਜ਼ਿੰਮੇਵਾਰ ਹੁੰਦਾ ਹੈ। ਜਦੋਂ ਹੀਮੋਗਲੋਬਿਨ ਲੈਵਲ ਘੱਟ ਹੋ ਜਾਂਦਾ ਹੈ ਤਾਂ ਇਹ ਥਕਾਵਟ, ਕਮਜ਼ੋਰੀ, ਸਾਹ ਦੀ ਕਮੀ, ਸਿਰ ਦਰਦ ਆਦਿ ਦਾ ਕਾਰਨ ਬਣ ਸਕਦਾ ਹੈ। ਸਰੀਰ ‘ਚ ਆਇਰਨ ਦੀ ਕਮੀ ਨਾਲ ਹੀਮੋਗਲੋਬਿਨ ‘ਤੇ ਅਸਰ ਪੈ ਸਕਦਾ ਹੈ। ਇਸ ਨਾਲ ਸਰੀਰ ਅਤੇ ਦਿਮਾਗ ਦੇ ਕੰਮ ‘ਚ ਵੀ ਰੁਕਾਵਟ ਆਉਂਦੀ ਹੈ। ਸਰੀਰ ‘ਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕ ਆਇਰਨ ਦੀਆਂ ਗੋਲੀਆਂ, ਸਪਲੀਮੈਂਟ ਜਾਂ ਦਵਾਈਆਂ ਲੈਂਦੇ ਹਨ, ਪਰ ਤੁਸੀਂ ਕੁਝ ਨੈਚੂਰਲ ਫੂਡਜ਼ ਨਾਲ ਵੀ ਸਰੀਰ ‘ਚ ਖੂਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਆਓ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜੋ ਸਰੀਰ ‘ਚ ਖੂਨ ਦੀ ਕਮੀ ਨਹੀਂ ਹੋਣ ਦਿੰਦੀਆਂ ਅਤੇ ਹੀਮੋਗਲੋਬਿਨ ਬਣਾਉਣ ‘ਚ ਵੀ ਮਦਦ ਕਰਦੀਆਂ ਹਨ।
ਹਲਦੀ ਦੇ ਨਾਲ ਦਹੀਂ: ਅਨੀਮੀਆ ਤੋਂ ਪੀੜਤ ਲੋਕਾਂ ਨੂੰ ਦਿਨ ‘ਚ 2 ਵਾਰ 1 ਕੱਪ ਦਹੀਂ ‘ਚ ਹਲਦੀ ਮਿਲਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਸਰੀਰ ‘ਚ ਖੂਨ ਦੀ ਕਮੀ ਨਹੀਂ ਹੋਵੇਗੀ ਅਤੇ ਪਾਚਨ ਵੀ ਠੀਕ ਰਹੇਗਾ।
ਹਰੀਆਂ ਸਬਜ਼ੀਆਂ ਜ਼ਿਆਦਾ ਖਾਓ: ਪਾਲਕ, ਅਜਵਾਈਨ, ਸਰ੍ਹੋਂ ਦੇ ਸਾਗ ਅਤੇ ਬ੍ਰੋਕਲੀ ਵਰਗੀਆਂ ਹਰੀਆਂ ਸਬਜ਼ੀਆਂ ਕਲੋਰੋਫਿਲ ਅਤੇ ਆਇਰਨ ਦੇ ਚੰਗੇ ਸਰੋਤ ਹਨ। ਇਸ ਨਾਲ ਹੀਮੋਗਲੋਬਿਨ ਵੀ ਬਣਦਾ ਹੈ ਅਤੇ ਸਰੀਰ ‘ਚ ਆਇਰਨ ਦੀ ਕਮੀ ਨਹੀਂ ਹੁੰਦੀ ਹੈ।
ਤਾਂਬੇ ਦਾ ਪਾਣੀ ਪੀਓ: ਆਯੁਰਵੇਦ ‘ਚ ਤਾਂਬੇ ਦੇ ਪਾਣੀ ਨੂੰ ਬਹੁਤ ਸਿਹਤਮੰਦ ਮੰਨਿਆ ਗਿਆ ਹੈ। ਰਾਤ ਨੂੰ ਤਾਂਬੇ ਦੇ ਭਾਂਡੇ ‘ਚ ਪਾਣੀ ਭਰ ਕੇ ਰੱਖੋ ਅਤੇ ਸਵੇਰੇ ਪੀਓ। ਇਹ ਤੁਹਾਡੇ ਸਰੀਰ ਨੂੰ ਨੈਚੂਰਲ ਖਣਿਜਾਂ ਨਾਲ ਭਰਨ ‘ਚ ਮਦਦ ਕਰਦਾ ਹੈ।
ਚੁਕੰਦਰ ਜਾਂ ਅਨਾਰ ਦਾ ਜੂਸ ਪੀਓ: ਅਨਾਰ ਅਤੇ ਚੁਕੰਦਰ ਫੋਲਿਕ ਐਸਿਡ, ਆਇਰਨ, ਕਾਪਰ, ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ। ਜੇਕਰ ਇਨ੍ਹਾਂ ਦੋਹਾਂ ਜੂਸ ਨੂੰ ਨਿਯਮਿਤ ਰੂਪ ਨਾਲ ਪੀਤਾ ਜਾਵੇ ਤਾਂ ਸਰੀਰ ‘ਚ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ।
ਤਿਲ: ਆਇਰਨ ਦੀ ਮਾਤਰਾ ਵਧਾਉਣ ਦਾ ਇਕ ਹੋਰ ਵਧੀਆ ਤਰੀਕਾ ਹੈ ਕਾਲੇ ਤਿਲ। ਤੁਸੀਂ ਤਿਲ ਨੂੰ ਥੋੜ੍ਹੇ ਜਿਹੇ ਪਾਣੀ ‘ਚ ਦੋ ਤੋਂ ਤਿੰਨ ਘੰਟੇ ਲਈ ਭਿਓ ਕੇ ਰੱਖੋ ਅਤੇ ਫਿਰ ਉਨ੍ਹਾਂ ਨੂੰ ਪੀਸ ਲਓ। ਇਸ ਨੂੰ ਰੋਜ਼ਾਨਾ ਇਕ ਚੱਮਚ ਸ਼ਹਿਦ ਦੇ ਨਾਲ ਲਓ।
ਸੌਗੀ ਅਤੇ ਖਜੂਰ: ਖਜੂਰ ਅਤੇ ਕਿਸ਼ਮਿਸ਼ ਆਇਰਨ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ। ਨਾਸ਼ਤੇ ਜਾਂ ਸ਼ਾਮ ਦੇ ਸਨੈਕਸ ‘ਚ ਮੁੱਠੀ ਭਰ ਸੌਗੀ ਅਤੇ 1-2 ਖਜੂਰ ਖਾਓ। ਇਸ ਨਾਲ ਤੁਹਾਨੂੰ ਤੁਰੰਤ ਐਨਰਜ਼ੀ ਵੀ ਮਿਲੇਗੀ ਅਤੇ ਸਰੀਰ ‘ਚ ਖੂਨ ਦੀ ਕਮੀ ਵੀ ਨਹੀਂ ਹੋਵੇਗੀ।