ਕਪੂਰਥਲਾ: ਇਕ ਪਾਸੇ ਕੋਰੋਨਾ ਦਾ ਕਹਿਰ ਤੇ ਦੂਜੇ ਪਾਸੇ ਅੱਤ ਦੀ ਗਰਮੀ, ਇਨਾਂ ਦੋਹਾਂ ਤੋਂ ਬਚਾਅ ਲਈ ਸਿਹਤ ਸੰਭਾਲ ਜ਼ਰੂਰੀ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਵੱਧ ਰਹੀ ਗਰਮੀ ਦੇ ਸਬੰਧ ਵਿਚ ਜ਼ਿਲਾ ਵਾਸੀਆਂ ਨੂੰ ਜਾਗਰੂਕ ਕਰਦਿਆ ਕੀਤਾ। ਉਨਾਂ ਦੱਸਿਆ ਕਿ ਗਰਮੀ ਦੀ ਤੇਜ਼ ਲਹਿਰ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਉਨਾਂ ਕਿਹਾ ਕਿ ਗਰਮੀ ਤੇ ਲੂ ਤੋਂ ਪ੍ਰਭਾਵਿਤ ਹੋਣ ਨਾਲ ਡੀਹਾਈਡ੍ਰੇਸ਼ਨ, ਹੀਟ ਸਟਰੋਕ, ਬੁਖ਼ਾਰ, ਸਿਰ ਦਰਦ, ਉਲਟੀ, ਡਾਇਰੀਆ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਉਨਾਂ ਲੋਕਾਂ, ਖਾਸ ਕਰ ਬਜ਼ੂਰਗਾਂ, ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਪਹਿਲਾਂ ਤੋਂ ਕਿਸੇ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਇਸ ਮੌਸਮ ਵਿਚ ਖ਼ਾਸ ਖਿਆਲ ਰੱਖਦ ਦੀ ਸਲਾਹ ਦਿੱਤੀ। ਡਾ. ਜਸਮੀਤ ਬਾਵਾ ਨੇ ਕਿਹਾ ਕਿ ਲੋਕ ਅਜਿਹੀਆਂ ਅਫ਼ਵਾਹਾਂ ਤੇ ਧਾਰਨਾਵਾਂ ਤੋਂ ਵੀ ਬਚਣ ਕਿ ਵੱਧ ਰਹੀ ਗਰਮੀ ਨਾਲ ਕੋਰੋਨਾ ਦਾ ਵਾਇਰਸ ਮਰੇਗਾ। ਉਨਾਂ ਕਿਹਾ ਕਿ ਇਹ ਨਵਾਂ ਵਾਇਰਸ ਹੈ ਅਤੇ ਇਸ ਦੇ ਗਰਮੀ ਵਿਚ ਖ਼ਤਮ ਹੋਣ ਬਾਰੇ ਕੁਝ ਸਪੱਸ਼ਟ ਨਹੀਂ ਹੈ। ਉਨਾਂ ਕਿਹਾ ਕਿ ਲੋਕ ਇਕ ਤਾਂ ਲੋ ਤੋਂ ਬਚਾਅ ਅਤੇ ਦੂਸਰਾ ਕੋਰੋਨਾ ਦੇ ਚੱਲਦਿਆਂ ਘੱਟ ਤੋਂ ਘੱਟ ਬਾਹਰ ਨਿਕਲਣ। ਉਨਾਂ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨ, ਵਾਰ-ਵਾਰ ਹੱਥ ਧੋਣ ਅਤੇ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ। ਉਨਾਂ ਕਿਹਾ ਕਿ ਸਾਵਧਾਨੀ ਤੇ ਜਾਗਰੂਕਤਾ ਹੀ ਲੂ ਅਤੇ ਕੋਰੋਨਾ ਦੇ ਪ੍ਰਕੋਪ ਤੋਂ ਬਚਣ ਵਿਚ ਸਹਾਈ ਸਿੱਧ ਹੋ ਸਕਦੀ ਹੈ। ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਮੋਹਨਪ੍ਰੀਤ ਸਿੰਘ ਨੇ ਲੋਕਾਂ ਨੂੰ ਇਸ ਮੌਸਮ ਵਿਚ ਖੁਦ ਨੂੰ ਹਾਈਡ੍ਰੇਟ (ਸਰੀਰ ਵਿਚ ਪਾਣੀ ਦੀ ਕਮੀ ਤੋਂ ਬਚਣ) ਰੱਖਣ ਦੀ ਸਲਾਹ ਦਿੱਤੀ। ਉਨਾਂ ਕਿਹਾ ਕਿ ਇਸ ਮੌਸਮ ਵਿਚ ਥਕਾਵਟ, ਚੱਕਰ ਆਉਣੇ, ਮਾਸ ਪੇਸ਼ੀਆਂ ਵਿਚ ਦਰਦ, ਬੁਖ਼ਾਰ, ਉਲਟੀਆਂ, ਦਿਲ ਦੀ ਧੜਕਣ ਤੇਜ਼ ਹੋਣ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਉਨਾਂ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਬਚਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਕਿਸੇ ਵੀ ਤਰਾਂ ਦੇ ਲੱਛਣ ਪ੍ਰਗਟ ਹੋਣ ’ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਲੂ ਤੋਂ ਬਚਾਅ ਲਈ ਕੀ ਕਰੀਏ
- ਤਰਲ ਪਦਾਰਥ, ਜਿਵੇਂ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ।
- ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰਾਂ ਢਕਿਆ ਜਾਵੇ।
- ਸੰਤੁਲਿਤ ਤੇ ਘਰ ਦਾ ਬਣਿਆ ਭੋਜਨ ਲਿਆ ਜਾਵੇ।
- ਧੁੱਪ ਵਿਚ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ।
- ਆਸਪਾਸ ਦੀ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ।
ਕੀ ਨਾ ਕਰੀਏ
- ਬਾਹਰ ਦਾ ਜੰਕ ਫੂਡ, ਤਲਿਆ ਖਾਣਾ ਨਾ ਖਾਧਾ ਜਾਵੇ।
- ਸਰੀਰ ਨੂੰ ਬਿਨਾਂ ਢਕੇ ਬਾਹਰ ਨਾ ਨਿਕਲਿਆ ਜਾਵੇ।
- ਕੋਲਡ ਡਰਿੰਕਸ ਪੀਣ ਤੋਂ ਗੁਰੇਜ਼ ਕੀਤਾ ਜਾਵੇ।
- ਭੱਖਦੀ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਨਿਕਲਣ ਤੋਂ ਬਚਿਆ ਜਾਵੇ।