ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ਦੇ ਗੁਰੂਨਗਰੀ ਪਾਉਂਟਾ ਸਾਹਿਬ ‘ਚ ਹੌਲੀ-ਹੌਲੀ ਨਸ਼ੇ ਦੀ ਵਿਕਰੀ ਲਗਾਤਾਰ ਜਾਰੀ ਹੈ। ਨਸ਼ਾ ਤਸਕਰ ਜੇਲ੍ਹ ਤੋਂ ਰਿਹਾਅ ਹੋ ਕੇ ਵਾਪਸ ਨਸ਼ਾ ਵੇਚਣ ‘ਤੇ ਲੱਗ ਜਾਂਦੇ ਹਨ। ਇਸ ਗੱਲ ਦਾ ਖੁਲਾਸਾ ਉਤਰਾਖੰਡ ‘ਚ ਫੜੇ ਗਏ ਹਿਮਾਚਲ ਦੇ ਸਮੱਗਲਰਾਂ ਨੇ ਕੀਤਾ ਹੈ।
ਸ਼ਨੀਵਾਰ ਨੂੰ ਮੁਖਬਰ ਦੀ ਸੂਚਨਾ ਦੇ ਆਧਾਰ ‘ਤੇ ਇਕ ਸਫੇਦ ਰੰਗ ਦੀ ਸਵਿਫਟ ਡਿਜ਼ਾਇਰ ਨੂੰ ਥਾਣਾ ਸਾਹਸਪੁਰ, ਉਤਰਾਖੰਡ ਨੇ ਰੋਕ ਕੇ ਚੈਕਿੰਗ ਕੀਤੀ ਤਾਂ ਜਸਵੀਰ ਸਿੰਘ ਵਾਸੀ ਪਿੰਡ ਕਾਸ਼ੀਪੁਰ, ਪਾਉਂਟਾ ਸਾਹਿਬ ਅਤੇ ਅਤੁਲ ਕੁਮਾਰ ਵਾਸੀ ਦੇਵੀ ਨਗਰ ਪਾਉਂਟਾ ਸਾਹਿਬ ਸਵਾਰ ਸਨ। ਤਲਾਸ਼ੀ ਲੈਣ ’ਤੇ ਨੌਜਵਾਨਾਂ ਕੋਲੋਂ 102.50 ਗ੍ਰਾਮ ਸਮੈਕ ਬਰਾਮਦ ਹੋਈ, ਜਿਸ ਦੀ ਕੀਮਤ 8 ਲੱਖ ਰੁਪਏ ਬਣਦੀ ਹੈ। ਪੁੱਛਗਿੱਛ ਦੌਰਾਨ ਜਸਵੀਰ ਨੇ ਦੱਸਿਆ ਕਿ ਉਹ ਪਾਉਂਟਾ ਸਾਹਿਬ ਵਿਖੇ JCB ਚਾਲਕ ਵਜੋਂ ਕੰਮ ਕਰਦਾ ਹੈ। ਅਤੁਲ ਸਥਾਨਕ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਹੈ। ਉਹ ਯੂਪੀ ਦੇ ਬਰੇਲੀ ਤੋਂ ਘੱਟ ਕੀਮਤ ‘ਤੇ ਸਮੈਕ ਖਰੀਦ ਕੇ ਲਿਆਉਂਦੇ ਹਨ।
ਨੌਜਵਾਨਾਂ ਨੇ ਦੱਸਿਆ ਕਿ ਉਹ ਦੇਹਰਾਦੂਨ ਅਤੇ ਪਾਉਂਟਾ ਸਾਹਿਬ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਵਿਦਿਆਰਥੀਆਂ, ਆਸ-ਪਾਸ ਦੇ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਨਸ਼ੇੜੀਆਂ ਨੂੰ ਮੋਟੀ ਕੀਮਤ ’ਤੇ ਸਮੈਕ ਵੇਚਦੇ ਹਨ। ਅਤੁਲ ਕੁਮਾਰ ਉਰਫ ਤੁੱਲੀ ਵਾਰਡ ਨੰਬਰ 9 ਵਿੱਚ ਰਹਿੰਦਾ ਹੈ। ਉਸ ‘ਤੇ ਪਹਿਲਾਂ ਵੀ ਸਮੈਕ ਵੇਚਣ ਦੇ ਦੋਸ਼ ਲੱਗੇ ਹਨ। ਇਕ ਮਾਮਲੇ ‘ਚ ਉਹ ਆਪਣੀ ਮਾਂ ਦੇ ਨਾਲ 2 ਸਾਲ ਵੀ ਜੇਲ ‘ਚ ਕੱਟ ਚੁੱਕਾ ਹੈ। ਪਾਉਂਟਾ ਸਾਹਿਬ ‘ਚ ਸੋਨੇ ਦੀ ਚੇਨ ਖੋਹਣ ਦੇ ਮਾਮਲੇ ‘ਚ ਅਤੁਲ ਉਰਫ ਤੁੱਲੀ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਾਹਸਪੁਰ ਦੇ ਐਸਐਚਓ ਗਿਰੀਸ਼ ਨੇਗੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਾਉਂਟਾ ਸਾਹਿਬ ਦੇ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਹੈ।