ਹਿਮਾਚਲ ‘ਚ ਮਾਨਸੂਨ ਨੇ ਦਸਤਕ ਦੇ ਨਾਲ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ 72 ਘੰਟਿਆਂ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਭਾਰੀ ਮੀਂਹ ਨੇ ਇੱਕ ਪੱਕਾ ਮਕਾਨ, 13 ਵਾਹਨ ਅਤੇ ਇੱਕ ਸਕੂਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਹੜ੍ਹ ਵਿੱਚ ਵਹਿ ਜਾਣ ਕਾਰਨ ਪੰਜ ਬੱਕਰੀਆਂ ਦੀ ਮੌਤ ਹੋ ਗਈ ਹੈ ਅਤੇ 16 ਲਾਪਤਾ ਹਨ।
ਮੀਂਹ ਕਾਰਨ 2.56 ਕਰੋੜ ਰੁਪਏ ਦੀ ਸਰਕਾਰੀ ਤੇ ਗੈਰ-ਸਰਕਾਰੀ ਜਾਇਦਾਦ ਤਬਾਹ ਹੋ ਗਈ ਹੈ। ਵੱਖ-ਵੱਖ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਸੂਬੇ ਭਰ ਦੀਆਂ 85 ਸੜਕਾਂ ਬੰਦ ਹਨ। ਇਸੇ ਤਰ੍ਹਾਂ ਵਿਰਾਸਤੀ ਸ਼ਿਮਲਾ-ਕਾਲਕਾ ਰੇਲਵੇ ਟ੍ਰੈਕ ‘ਤੇ ਕਈ ਥਾਵਾਂ ‘ਤੇ ਢਿੱਗਾਂ ਡਿੱਗਣ ਕਾਰਨ ਦੋ ਦਿਨਾਂ ਤੋਂ ਸਾਰੀਆਂ ਰੇਲ ਗੱਡੀਆਂ ਬੰਦ ਹਨ। ਇਸ ਨਾਲ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਭਾਰੀ ਮੀਂਹ ਤੋਂ ਬਾਅਦ, ਚੰਡੀਗੜ੍ਹ-ਮਨਾਲੀ NH-21 ਨੂੰ ਵੀ ਸੱਤ ਮੀਲ ਵਿੱਚ ਢਿੱਗਾਂ ਡਿੱਗਣ ਕਾਰਨ ਐਤਵਾਰ ਸ਼ਾਮ ਨੂੰ ਬੰਦ ਕਰ ਦਿੱਤਾ ਗਿਆ। ਇਸ ਕਾਰਨ ਅੱਧੀ ਰਾਤ ਤੱਕ ਸੈਂਕੜੇ ਵਾਹਨ ਵੱਖ-ਵੱਖ ਥਾਵਾਂ ’ਤੇ ਫਸੇ ਰਹੇ। ਸਥਾਨਕ ਲੋਕਾਂ ਦੇ ਨਾਲ ਸੈਲਾਨੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਸੂਬੇ ਦੇ ਲੋਕਾਂ ਨੂੰ ਬਾਰਿਸ਼ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਸੂਬੇ ‘ਚ ਪੰਜ ਦਿਨਾਂ ਤੱਕ ਭਾਰੀ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਕੁਝ ਥਾਵਾਂ ‘ਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ। 25 ਜੂਨ ਨੂੰ ਸੂਬੇ ‘ਚ ਆਮ ਨਾਲੋਂ 247 ਫੀਸਦੀ ਜ਼ਿਆਦਾ ਮੀਂਹ ਪਿਆ। 19 ਤੋਂ 25 ਜੂਨ ਦਰਮਿਆਨ ਆਮ ਨਾਲੋਂ 102 ਫੀਸਦੀ ਜ਼ਿਆਦਾ ਬੱਦਲ ਛਾਏ ਰਹੇ। ਅਗਲੇ ਚਾਰ-ਪੰਜ ਦਿਨਾਂ ਤੱਕ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਊਨਾ, ਲਾਹੌਲ ਸਪਿਤੀ ਅਤੇ ਕਿਨੌਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਕਈ ਗੁਣਾ ਜ਼ਿਆਦਾ ਮੀਂਹ ਪਿਆ ਹੈ। ਸੋਲਨ ਦੀ ਮੰਗਲ ਪੰਚਾਇਤ ‘ਚ ਬੱਦਲ ਫਟਣ ਕਾਰਨ 21 ਬੱਕਰੀਆਂ ਨਾਲੇ ‘ਚ ਰੁੜ੍ਹ ਗਈਆਂ।