ਹਿਮਾਚਲ ਪ੍ਰਦੇਸ਼ ‘ਚ ਸਵੇਰ ਤੋਂ ਪੈ ਰਹੀ ਬਾਰਿਸ਼ ਕਾਰਨ ਕਿਨੌਰ ਜ਼ਿਲੇ ਨੂੰ ਸ਼ਿਮਲਾ ਨਾਲ ਜੋੜਨ ਵਾਲਾ NH-5 ਰਾਮਪੁਰ ਤੋਂ ਅੱਗੇ ਝਖੜੀ ਨੇੜੇ ਫਿਰ ਤੋਂ ਬਲਾਕ ਹੋ ਗਿਆ ਹੈ। ਇਸ ਕਾਰਨ ਕਿਨੌਰ ਜ਼ਿਲ੍ਹੇ ਦਾ ਸ਼ਿਮਲਾ ਨਾਲ ਪੂਰੀ ਤਰ੍ਹਾਂ ਸੰਪਰਕ ਟੁੱਟ ਗਿਆ ਹੈ। ਬਰੋਨੀ ਖੱਡ ਨੇੜੇ ਐਨਐਚ ਦਾ ਹਿੱਸਾ ਲਗਾਤਾਰ ਨਦੀ ਵਿੱਚ ਟੁੱਟ ਰਿਹਾ ਹੈ।
NH-5 ਤਿੰਨ ਦਿਨਾਂ ਤੋਂ ਲੈਂਡਸਲਾਇਡ ਕਾਰਨ ਕਈ ਥਾਵਾਂ ‘ਤੇ ਬੰਦ ਹੈ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ ‘ਤੇ ਰਸੋਈ ਗੈਸ ਸਿਲੰਡਰ, ਪੈਟਰੋਲ, ਡੀਜ਼ਲ ਅਤੇ ਖਾਣ-ਪੀਣ ਦਾ ਸਮਾਨ ਲੈ ਕੇ ਕਿੰਨੌਰ ਜਾਣ ਵਾਲੇ ਟਰੱਕ ਅਪਰੇਟਰ ਤਿੰਨ ਦਿਨਾਂ ਤੋਂ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਦੂਜੇ ਪਾਸੇ ਕਿਨੌਰ ਦੇ ਨਾਥਪਾ ਪਿੰਡ ਦੀ ਪਹਾੜੀ ਤੋਂ ਪਿਛਲੇ ਚਾਰ ਦਿਨਾਂ ਤੋਂ ਚੱਟਾਨਾਂ ਡਿੱਗ ਰਹੀਆਂ ਹਨ। ਬੀਤੀ ਸ਼ਾਮ ਇੱਥੇ ਪਹਾੜੀ ਦਾ ਵੱਡਾ ਹਿੱਸਾ ਟੁੱਟਣ ਕਾਰਨ ਪਿੰਡ ਲਈ ਖਤਰਾ ਪੈਦਾ ਹੋ ਗਿਆ ਹੈ। ਇਸ ਤੋਂ ਬਾਅਦ ਪਿੰਡ ਦੇ ਕਈ ਘਰਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ। ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਬਾਰਿਸ਼ ਕਾਰਨ ਉਨ੍ਹਾਂ ਲੋਕਾਂ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਘਰ ਪਿਛਲੇ ਦਿਨੀਂ ਪਏ ਮੀਂਹ ਕਾਰਨ ਨੁਕਸਾਨੇ ਗਏ ਹਨ। ਸੂਬੇ ਵਿੱਚ 7029 ਘਰ ਅਜਿਹੇ ਹਨ ਜੋ ਭਾਰੀ ਮੀਂਹ, ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਨੁਕਸਾਨੇ ਗਏ ਹਨ। ਅਜਿਹੇ ‘ਚ ਭਾਰੀ ਮੀਂਹ ਕਾਰਨ ਇਨ੍ਹਾਂ ਘਰਾਂ ਨੂੰ ਫਿਰ ਤੋਂ ਖਤਰਾ ਪੈਦਾ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਭਲਕੇ ਤੋਂ ਮਾਨਸੂਨ ਥੋੜ੍ਹਾ ਕਮਜ਼ੋਰ ਹੋ ਜਾਵੇਗਾ। ਹਾਲਾਂਕਿ ਅੱਜ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਯੈਲੋ ਅਲਰਟ ਦਿੱਤਾ ਹੈ ਅਤੇ ਸ਼ਿਮਲਾ ਸਮੇਤ ਕਈ ਇਲਾਕਿਆਂ ‘ਚ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ। ਹਾਲਾਂਕਿ 29 ਜੁਲਾਈ ਤੋਂ ਸੂਬੇ ਦੇ ਲੋਕਾਂ ਨੂੰ ਭਾਰੀ ਮੀਂਹ ਤੋਂ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ: ਸੁਰਿੰਦਰ ਪਾਲ ਨੇ ਦੱਸਿਆ ਕਿ 3 ਅਗਸਤ ਤੱਕ ਮਾਨਸੂਨ ਥੋੜ੍ਹਾ ਕਮਜ਼ੋਰ ਰਹੇਗਾ। ਮਾਨਸੂਨ 4 ਅਗਸਤ ਨੂੰ ਮੁੜ ਸਰਗਰਮ ਹੋ ਸਕਦਾ ਹੈ। ਹੁਣ ਤੱਕ ਦੇ ਮੀਂਹ ਨੇ ਸੂਬੇ ਵਿੱਚ ਰਿਕਾਰਡ ਤੋੜ ਤਬਾਹੀ ਮਚਾਈ ਹੈ। ਹੁਣ ਤੱਕ ਸੂਬੇ ਵਿੱਚ ਆਮ ਨਾਲੋਂ 66 ਫੀਸਦੀ ਵੱਧ ਬਾਰਿਸ਼ ਹੋਈ ਹੈ। ਇਸ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਸੂਬੇ ਵਿੱਚ ਮੀਂਹ ਕਾਰਨ 5,491 ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪੁੱਜਾ ਹੈ। 687 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਦੋਂ ਕਿ 7029 ਘਰਾਂ ਨੂੰ ਅੰਸ਼ਕ ਨੁਕਸਾਨ ਹੋਇਆ ਹੈ। 240 ਦੁਕਾਨਾਂ, 2120 ਗਊਸ਼ਾਲਾਵਾਂ ਅਤੇ 103 ਲੇਬਰ ਸ਼ੈੱਡ ਅਤੇ ਪੁਲ ਤਬਾਹ ਹੋ ਗਏ ਹਨ। ਇਸ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।