ਸਾਇਨਾ ਨੇਹਵਾਲ ਇੱਕ ਅਜਿਹੀ ਸ਼ਟਲਰ ਹੈ ਜਿਸ ਨੇ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ। ਉਹ ਭਾਰਤ ਦੀ ਪਹਿਲੀ ਮਹਿਲਾ ਬੈਡਮਿੰਟਨ ਖਿਡਾਰਣ ਹੈ ਜਿਸ ਨੇ ਓਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਦੂਜੇ ਪਾਸੇ 2015 ਵਿੱਚ ਅੱਜ ਹੀ ਦੇ ਦਿਨ ਉਹ ਬੈਡਿਮਿੰਟਨ ਵਿੱਚ ਚੀਨੀ ਦਬਦਬੇ ਨੂੰ ਖਤਮ ਕਰਕੇ ਦੁਨੀਆ ਦੀ ਨੰਬਰ- 1 ਸ਼ਟਲਰ ਬਣੀ ਸੀ। 26 ਮਾਰਚ ਨੂੰ ਉਨ੍ਹਾਂ ਦੀ ਜਿੰਦਗੀ ਤੇ ਬਣੀ ਬਾਇਓਪਿਕ ਰਿਲੀਜ ਹੋਈ ਹੈ ਜਿਸ ਵਿੱਚ ਪਰੀਨਿਤੀ ਚੋਪੜਾ ਨੇ ਸਾਇਨਾ ਨੇਹਵਾਲ ਦਾ ਕਿਰਦਾਰ ਨਿਭਾਇਆ ਹੈ। 17 ਮਾਰਚ 1990 ਨੂੰ ਸਾਇਨਾ ਨੇਹਵਾਲ ਦਾ ਜਨਮ ਹੋਇਆ ਸੀ ਅਤੇ ਕਰੀਬ ਅੱਠ ਸਾਲ ਦੀ ਉਮਰ ਵਿੱਚ ਉਸਨੇ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਸੀ।
ਇਸ ਤੋਂ ਬਾਅਦ ਸਾਇਨਾ ਦਾ ਪਰਿਵਾਰ ਹਰਿਆਣਾ ਤੋਂ ਹੈਦਰਾਬਾਦ ਆ ਗਿਆ ਸੀ। ਸਾਇਨਾ ਨੂੰ ਬੈਡਮਿੰਟਨ ਵਿਰਾਸਤ ਵਿੱਚ ਮਿਲੀ ਅਤੇ ਸਾਇਨਾ ਦੀ ਮਾਂ ਸਟੇਟ ਲੈਵਲ ਦੀ ਬੈਡਮਿੰਟਨ ਖਿਡਾਰੀ ਸੀ। 2008 ਵਿੱਚ BWF ਵਰਲਡ ਜੂਨੀਅਰ ਚੈਂਪੀਅਨਸ਼ਿਪ ਜਿੱਤ ਕੇ ਸਾਇਨਾ ਨੇ ਦੱਸਿਆ ਕਿ ਉਹ ਵੱਡੀ ਉਪਲੱਬਧੀਆਂ ਹਾਸਲ ਕਰਨ ਦਾ ਦਮ ਰੱਖਦੀ ਹੈ। ਉਸੀ ਸਾਲ ਸਾਇਨਾ ਨੇ ਬੀਜਿੰਗ ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕੀਤਾ ਸੀ। 20 ਸਾਲ ਦੀ ਸਾਇਨਾ ਨੇਹਵਾਲ ਸਭ ਦੇ ਭਰੋਸੇ ਉੱਤੇ ਖਰੀ ਉਤਰੀ ਅਤੇ ਉਨ੍ਹਾਂ ਨੂੰ 2009 ਵਿੱਚ ਅਰਜੁਨ ਅਵਾਰਡ ਅਤੇ 2010 ਵਿੱਚ ਰਾਜੀਵ ਗਾਂਧੀ ਖੇਡ ਰਤਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ 22 ਸਾਲ ਦੀ ਸਾਇਨਾ ਨੇਹਵਾਲ ਨੇ 2012 ਵਿੱਚ ਲੰਦਨ ਓਲੰਪਿਕ ਦਾ ਕਾਂਸੀ ਮੈਡਲ ਜਿੱਤ ਕੇ ਇਤਿਹਾਸ ਰਚਿਆ। ਸਾਇਨਾ ਨੇ ਅਗਲੇ ਤਿੰਨ ਸਾਲਾਂ ਵਿੱਚ ਆਸਟ੍ਰੇਲੀਅਨ ਓਪਨ, ਦੋ ਵਾਰ ਇੰਡੀਆ ਓਪਨ ਅਤੇ ਚਾਈਨਾ ਓਪਨ ਜਿੱਤਿਆ।